4 ਮਾਰਚ 2024: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਇੱਕ ਵਾਰ ਫਿਰ ਵਿਸ਼ੇਸ਼ ਜਾਂਚ ਟੀਮ (SIT) ਨੇ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਨਾਲ ਸਬੰਧਤ ਮਾਮਲੇ ਵਿੱਚ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਹੈ। SIT 6 ਮਾਰਚ ਨੂੰ ਉਸ ਤੋਂ ਪੁੱਛਗਿੱਛ ਕਰੇਗੀ। ਜਿਸ ਲਈ ਉਹਨਾਂ ਨੂੰ ਪਟਿਆਲਾ ਪੁਲਿਸ ਲਾਈਨ ਵਿਖੇ ਬੁਲਾਇਆ ਗਿਆ ਹੈ। ਇਸ ਦੌਰਾਨ ਪਟਿਆਲਾ ਰੇਂਜ ਦੇ DIG ਹਰਚਰਨ ਸਿੰਘ ਭੁੱਲਰ ਦੀ ਅਗਵਾਈ ਵਾਲੀ ਟੀਮ ਉਨ੍ਹਾਂ ਤੋਂ ਸਵਾਲ-ਜਵਾਬ ਕਰੇਗੀ। ਟੀਮ ਦੇ ਮੈਂਬਰਾਂ ਵਿੱਚ SSP ਪਟਿਆਲਾ ਵਰੁਣ ਸ਼ਰਮਾ, SP(D) ਯੋਗੇਸ਼ ਸ਼ਰਮਾ ਅਤੇ DSP ਜਸਵਿੰਦਰ ਟਿਵਾਣਾ ਸ਼ਾਮਲ ਹਨ।
ਇਸ ਤੋਂ ਪਹਿਲਾਂ ਫਰਵਰੀ ਮਹੀਨੇ ਵਿੱਚ ਵੀ SIT ਨੇ ਬਿਕਰਮ ਸਿੰਘ ਮਜੀਠੀਆ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ। ਪਰ ਉਸ ਸਮੇਂ ਕਿਸਾਨ ਅੰਦੋਲਨ ਆਪਣੇ ਸਿਖਰ ‘ਤੇ ਸੀ। ਨਾਲ ਹੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਸ਼ੰਭੂ ਬਾਰਡਰ ਤਾਇਨਾਤ ਸੀ। ਅਜਿਹੇ ਹਾਲਾਤ ਵਿੱਚ ਇਹ ਪੁੱਛਗਿੱਛ ਨਹੀਂ ਹੋ ਸਕੀ ਸੀ। ਜਿਸ ਤੋਂ ਬਾਅਦ ਇਸ ਪੁੱਛਗਿੱਛ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ SIT ਨੇ ਮਜੀਠੀਆ ਨੂੰ ਮੁੜ ਪੇਸ਼ ਹੋਣ ਲਈ ਕਿਹਾ ਹੈ।