ਜਲੰਧਰ ਕਮਿਸ਼ਨਰੇਟ ਦੇ ਸਪੈਸ਼ਲ ਸੈੱਲ ਨੇ ਵਿੱਕੀ ਗੌਂਡਰ ਗੈਂਗ ਦੇ ਸਰਗਨਾ ਨਵੀਨ ਸੈਣੀ ਉਰਫ਼ ਚਿੰਟੂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ 9 ਮਹੀਨਿਆਂ ਤੋਂ ਪੁਲਿਸ ਨੂੰ ਚਕਮਾ ਦੇ ਰਿਹਾ ਸੀ। ਪੁਲੀਸ ਨੇ ਉਸ ਕੋਲੋਂ ਪੰਜ ਪਿਸਤੌਲ, ਚਾਰ ਮੈਗਜ਼ੀਨ ਅਤੇ ਕਈ ਕਾਰਤੂਸ ਬਰਾਮਦ ਕੀਤੇ ਹਨ। ਸੂਤਰਾਂ ਦੀ ਮੰਨੀਏ ਤਾਂ ਜਲੰਧਰ ਕਮਿਸ਼ਨਰੇਟ ਪੁਲਸ ਨੇ ਸੰਗਠਿਤ ਅਪਰਾਧ ‘ਤੇ ਚੱਲ ਰਹੀ ਕਾਰਵਾਈ ਦੇ ਹਿੱਸੇ ਵਜੋਂ ਚਿੰਟੂ ਨੂੰ ਗ੍ਰਿਫਤਾਰ ਕੀਤਾ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਚਿੰਟੂ ਨੌਂ ਮਹੀਨਿਆਂ ਤੋਂ ਫਰਾਰ ਸੀ। ਜਲੰਧਰ ਸਿਟੀ ਪੁਲਸ ਕਾਫੀ ਸਮੇਂ ਤੋਂ ਦੋਸ਼ੀਆਂ ਦਾ ਪਿੱਛਾ ਕਰ ਰਹੀ ਸੀ। ਬੀਤੇ ਦਿਨ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਉਸ ਨੂੰ ਜਲੰਧਰ ਸ਼ਹਿਰ ਤੋਂ ਕਾਬੂ ਕੀਤਾ। ਹੁਣ ਪੁਲੀਸ ਚਿੰਟੂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਵੇਗੀ। ਉਸ ਤੋਂ ਪੁੱਛ-ਪੜਤਾਲ ਕੀਤੀ ਜਾਵੇਗੀ ਕਿ ਉਹ ਹਥਿਆਰ ਕਿੱਥੋਂ ਲੈ ਕੇ ਆਇਆ ਸੀ ਅਤੇ ਕਿਸ ਨੂੰ ਦੇਣਾ ਸੀ।
ਜਾਣਕਾਰੀ ਅਨੁਸਾਰ ਨਵੀਨ ਸੈਣੀ ਉਰਫ਼ ਚਿੰਟੂ ਵਿੱਕੀ ਗੌਂਡਰ ਗੈਂਗ ਦਾ ਅਹਿਮ ਕੜੀ ਹੈ। ਉਹ ਗਰੋਹ ਲਈ ਹਥਿਆਰਾਂ ਦੀ ਤਸਕਰੀ ਅਤੇ ਨਸ਼ਾ ਤਸਕਰੀ ਦੇ ਪੂਰੇ ਨੈੱਟਵਰਕ ਨੂੰ ਸੰਭਾਲਦਾ ਸੀ। ਨਾਲ ਹੀ, ਹੁਣ ਤੱਕ ਦੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਚਿੰਟੂ ਵਿਰੁੱਧ ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਅਤੇ ਹੋਰ ਵਰਗੇ ਕਈ ਘਿਨਾਉਣੇ ਅਪਰਾਧਿਕ ਮਾਮਲੇ ਦਰਜ ਹਨ।