28 ਮਾਰਚ 2024: ਅਮਰੀਕਾ ਦੇ ਉੱਤਰੀ ਇਲੀਨੋਇਸ ਵਿੱਚ ਚਾਕੂ ਨਾਲ ਹਮਲੇ ਦੀ ਘਟਨਾ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰੌਕਫੋਰਡ ਪੁਲਿਸ ਮੁਖੀ ਕਾਰਲਾ ਰੇਡ ਨੇ ਕਿਹਾ ਕਿ 22 ਸਾਲਾ ਸ਼ੱਕੀ ਪੁਲਿਸ ਹਿਰਾਸਤ ਵਿਚ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ ਇੱਕ ਵਿਅਕਤੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਰੇਡ ਨੇ ਪੱਤਰਕਾਰਾਂ ਨੂੰ ਕਿਹਾ, “ਮੇਰੇ ਵਿਚਾਰ ਇਸ ਸਮੇਂ ਪੀੜਤ ਪਰਿਵਾਰਾਂ ਦੇ ਨਾਲ ਹਨ।
ਉਸਨੇ ਕਿਹਾ ਕਿ ਰੌਕਫੋਰਡ ਪੁਲਿਸ ਨੂੰ ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 1.14 ਵਜੇ ਪਹਿਲੀ ਕਾਲ ਆਈ, ਇਸ ਤੋਂ ਬਾਅਦ ਕਈ ਹੋਰ ਕਾਲਾਂ ਆਈਆਂ। ਪੁਲਿਸ ਮੁਖੀ ਨੇ ਕਿਹਾ ਕਿ ਫਿਲਹਾਲ ਇਸ ਘਟਨਾ ਵਿੱਚ ਕਿਸੇ ਹੋਰ ਦੇ ਸ਼ਾਮਲ ਹੋਣ ਦਾ ਸ਼ੱਕ ਨਹੀਂ ਹੈ ਅਤੇ “ਸਾਨੂੰ ਅਜੇ ਤੱਕ ਅਜਿਹੇ ਘਿਨਾਉਣੇ ਅਪਰਾਧ ਨੂੰ ਕਰਨ ਦੇ ਸ਼ੱਕੀ ਦੇ ਇਰਾਦੇ ਬਾਰੇ ਨਹੀਂ ਪਤਾ ਹੈ।” ਰੌਕਫੋਰਡ ਪੁਲਿਸ ਨੇ ਸ਼ੁਰੂਆਤ ਵਿੱਚ ਇਸ ਘਟਨਾ ਵਿੱਚ ਪੰਜ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਦਿੱਤੀ ਸੀ, ਪਰ ਵਿਨੇਬਾਗੋ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਲੋਕ ਸੰਪਰਕ ਅਧਿਕਾਰੀ ਕੋਰੀ ਹਿਲੀਅਰਡ ਨੇ ਸ਼ਾਮ ਨੂੰ ਕਿਹਾ ਕਿ ਕੁੱਲ ਸੱਤ ਲੋਕ ਜ਼ਖਮੀ ਹੋਏ ਹਨ। ਅਧਿਕਾਰੀ ਮੁਤਾਬਕ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਚੌਥੇ ਦੀ ਹਸਪਤਾਲ ‘ਚ ਮੌਤ ਹੋ ਗਈ।