
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੀਆਂ ਟੈਰੀਫਸ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਕੈਨੇਡਾ ਅਤੇ ਮੈਕਸੀਕੋ ਨੂੰ ਛੂਟ ਦਿੱਤੀ ਗਈ ਹੈ। ਟ੍ਰੰਪ ਨੇ ਵਾਈਟ ਹਾਊਸ ਵਿੱਚ ਟੈਰੀਫਸ ਦਾ ਐਲਾਨ ਕਰਦੇ ਹੋਏ ਇੱਕ ਚਾਰਟ ਦਿਖਾਇਆ ਜਿਸ ਵਿੱਚ ਕਈ ਦੇਸ਼ਾਂ ਦੇ ਨਾਮ ਅਤੇ ਉਹਨਾਂ ‘ਤੇ ਲੱਗਾਏ ਗਏ ਟੈਰੀਫਸ ਦੀ ਮਾਤਰਾ ਸੀ, ਪਰ ਇਸ ਚਾਰਟ ਵਿੱਚ ਕੈਨੇਡਾ ਅਤੇ ਮੈਕਸੀਕੋ ਦਾ ਨਾਮ ਦਰਜ ਨਹੀਂ ਸੀ। ਪਰ ਟ੍ਰੰਪ ਨੇ ਦੁਨੀਆ ਦੇ 60 ਦੇਸ਼ਾਂ ‘ਤੇ ਵੱਡੀ ਮਾਤਰਾ ਵਿੱਚ ਟੈਰੀਫਸ ਲਗਾਏ ਹਨ, ਜਿਸ ਵਿੱਚ ਚਾਈਨਾ ‘ਤੇ 34 ਫੀਸਦੀ, ਯੂਰਪੀ ਸੰਘ ‘ਤੇ 20 ਫੀਸਦੀ, ਜਪਾਨ ‘ਤੇ 24 ਫੀਸਦੀ, ਭਾਰਤ ‘ਤੇ 26 ਫੀਸਦੀ ਅਤੇ ਕੈਂਬੋਡੀਆ ‘ਤੇ 49% ਟੈਰੀਫਸ ਲਗਾਏ ਗਏ ਹਨ। ਵਾਈਟ ਹਾਊਸ ਫੈਕਟ ਸ਼ੀਟ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਅਤੇ ਮੈਕਸੀਕੋ ਨੂੰ ਨਵੇਂ ਰੀਸਿਪਰੋਕਲ ਟੈਰੀਫ ਆਰਡਰ ਤੋਂ ਛੂਟ ਦਿੱਤੀ ਗਈ ਹੈ। ਪਰ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਹ ਅਮਰੀਕਾ ਵਿੱਚ ਆਉਣ ਵਾਲੇ ਸਾਰੇ ਇੰਪੋਰਟਸ ‘ਤੇ 10 ਫੀਸਦੀ ਬੇਸਲਾਈਨ ਟੈਰੀਫ ਲਗਾਉਣਗੇ ਜੋ ਕਿ ਕੈਨੇਡਾ-ਯੂਨਾਈਟਡ ਸਟੇਟਸ-ਮੈਕਸੀਕੋ ਐਗਰੀਮੈਂਟ ਦੇ ਅਧੀਨ ਨਹੀਂ ਆਉਂਦੇ ਹਨ। ਪਰ ਪਿਛਲੇ ਸਮੇਂ ਵਿੱਚ ਐਲਾਨ ਕੀਤੇ ਗਏ ਟੈਰੀਫਸ ਹਾਲੇ ਵੀ ਮੌਜੂਦ ਹਨ।
ਓਂਟਾਰਿਓ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਕੈਨੇਡਾ ਦੀ ਸੂਚੀ ਵਿੱਚ ਨਾ ਹੋਣਾ ਇੱਕ “ਪੋਜ਼ੀਟਿਵ ਸਾਈਨ” ਹੈ, ਜਿਸ ਨੂੰ ਉਹ ਇੱਕ ਚੰਗੀ ਗੱਲ ਮੰਨਦੇ ਹਨ। ਟ੍ਰੰਪ ਨੇ ਕਿਹਾ ਕਿ ਅਮਰੀਕਾ ਦੇ ਕਿਸਾਨ ਕੈਨੇਡਾ ਦੀ ਡੈਰੀ ਇੰਡਸਟਰੀ ਦੁਆਰਾ “ਬੁਰਾ ਸਲੂਕ” ਸਹਿ ਰਹੇ ਹਨ। ਇਸ ਤੋਂ ਇਲਾਵਾ ਡੋਨਾਲਡ ਟ੍ਰੰਪ ਨੇ ਸਾਰੀ ਅਮਰੀਕਾ ਵਿੱਚ ਬਣੀਆਂ ਗੱਡੀਆਂ ‘ਤੇ 25% ਟੈਰੀਫਸ ਲਗਾਉਣ ਦਾ ਐਲਾਨ ਵੀ ਦੁਬਾਰਾ ਕਰ ਦਿੱਤਾ ਹੈ। ਓਂਟਾਰਿਓ ਪ੍ਰੀਮੀਅਰ ਡਗ ਫੋਰਡ ਨੇ ਅੱਜ ਸਵੇਰੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਇਸ ਸੰਬੰਧੀ ਗੱਲ ਕੀਤੀ ਸੀ। ਫੋਰਡ ਨੇ ਕਿਹਾ ਕਿ ਕਾਰਨੀ ਨੇ ਉਨ੍ਹਾਂ ਨੂੰ ਦੱਸਿਆ ਕਿ ਜੇ ਟ੍ਰੰਪ ਸਾਰੇ ਟੈਰੀਫਸ ਹਟਾ ਦਿੰਦੇ ਹਨ, ਤਾਂ ਅਮਰੀਕਾ ਅਤੇ ਕੈਨੇਡਾ “ਜ਼ੀਰੋ-ਟੈਰੀਫ” ਸਥਿਤੀ ‘ਤੇ ਪਹੁੰਚ ਸਕਦੇ ਹਨ। ਹੁਣ ਕਿਹਾ ਜਾ ਰਿਹਾ ਹੈ ਕਿ ਇਹ ਟੈਰੀਫਸ ਕਈ ਕੈਨੇਡੀਅਨ ਕੰਪਨੀਆਂ ਨੂੰ ਮੁਸ਼ਕਲਾਂ ਵਿੱਚ ਪਾ ਸਕਦੇ ਹਨ, ਜਿਸ ਕਰਕੇ ਉਹਨਾਂ ਨੂੰ ਆਪਣੀ ਪ੍ਰੋਡਕਸ਼ਨ ਘਟਾਉਣਾ, ਸਟਾਫ਼ ਕਟਣਾ ਜਾਂ ਹੋਰ ਕਈ ਤਰੀਕੇ ਵਰਤਣੇ ਪੈ ਸਕਦੇ ਹਨ।