ਚੀਨ ਦੇ ਗੁਏਂਗਡੋਂਗ ਸੂਬੇ ‘ਚ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਤੋਂ ਬਾਅਦ ਪਹਾੜੀ ਹਾਈਵੇਅ ਦਾ ਇਕ ਹਿੱਸਾ ਡਿੱਗਣ ਕਾਰਨ 24 ਲੋਕਾਂ ਦੀ ਮੌਤ ਹੋ ਗਈ ਹੈ। ਰਿਪੋਟ ਮੁਤਾਬਕ ਬੁਧਵਾਰ ਨੂੰ ਮੇ ਲੋਂਗ ਐਕਸਪ੍ਰੈਸਵੇਅ ਦੇ 58 ਫੁੱਟ ਦਾ ਹਿੱਸਾ ਟੁੱਟਣ ਤੋਂ ਬਾਅਦ 30 ਹੋਰਾਂ ਨੂੰ ਹਸਪਤਾਲ ਲਿਜਾਇਆ ਗਿਆ। ਅਧਿਕਾਰੀਆਂ ਨੇ ਅਜੇ ਤੱਕ ਇਸ ਹਾਦਸੇ ਦੇ ਵਾਪਰਨ ਦਾ ਕਾਰਨ ਨਹੀਂ ਦੱਸਿਆ ਹੈ। ਰਾਜ ਮੀਡੀਆ ਵਲੋਂ ਜੋ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ ਉਨ੍ਹਾਂ ਵਿੱਚ ਹਾਈਵੇਅ ਦੇ ਹੇਠਾਂ ਜੰਗਲਾਂ ਵਾਲੇ ਪਹਾੜੀ ਖੇਤਰ ਵਿੱਚ ਇੱਕ ਵੱਡੀ ਖੱਡ ਦਿਖਾਈ ਦੇ ਰਹੀ ਹੈ। ਸਰਕਾਰੀ ਮੀਡੀਆ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੋ ਹਸਪਤਾਲ ਵਿੱਚ 30 ਲੋਕ ਦਾਖਲ ਹਨ ਉਹ ਇਸ ਵੇਲੇ ਜੋਖਮ ਤੋਂ ਬਾਹਰ ਹਨ। ਰਿਪੋਰਟ ਮੁਤਾਬਕ ਸੂਬਾਈ ਸਰਕਾਰ ਨੇ 500 ਐਮਰਜੈਂਸੀ ਰਿਸਪਾਂਸ ਕਰਮਚਾਰੀਆਂ ਨੂੰ ਘਟਨਾ ਵਾਲੀ ਥਾਂ ‘ਤੇ ਭੇਜਿਆ ਹੈ। ਇਸ ਹਾਦਸੇ ਦੇ ਸ਼ੁਰੂਆਤ ਵਿੱਚ ਦੱਸਿਆ ਗਿਆ ਸੀ ਕਿ 19 ਲੋਕਾਂ ਦੀ ਮੌਤ ਹੋਈ ਹੈ ਪਰ ਸਥਾਨਕ ਅਧਿਕਾਰੀਆਂ ਨੇ ਬਾਅਦ ਵਿੱਚ ਕਿਹਾ ਕਿ 24 ਲੋਕ ਮਾਰੇ ਗਏ ਹਨ, ਅਤੇ ਜ਼ਖਮੀਆਂ ਦੀ ਗਿਣਤੀ ਅਜੇ ਵੀ 30 ਹੈ। ਫੁਟੇਜ, ਜੋ ਹਾਈਵੇਅ ਦਾ ਹਿੱਸਾ ਡਿੱਗਣ ਤੋਂ ਥੋੜ੍ਹੀ ਦੇਰ ਬਾਅਦ ਲਈ ਗਈ ਜਾਪਦੀ ਹੈ, ਉਸ ਵਿੱਚ ਹਾਈਵੇ ਦੇ ਹੇਠਾਂ ਅੱਗ ਦੀਆਂ ਲਪਟਾਂ ਅਤੇ ਕਾਲਾ ਧੂੰਆਂ ਦਿਖਾਈ ਦੇ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਵਿੱਚ ਕੁੱਲ 20 ਵਾਹਨ ਸੜਕ ਦੇ ਢਹਿ-ਢੇਰੀ ਹੋਏ ਹਿੱਸੇ ਵਿੱਚ ਡਿੱਗ ਗਏ। ਦੱਸਦਈਏ ਕਿ ਗੁਏਂਗਡੋਂਗ, ਚੀਨ ਦਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਹੈ, ਜੋ ਪਿਛਲੇ ਹਫਤੇ ਅਚਾਨਕ ਹੜ੍ਹਾਂ ਨਾਲ ਪ੍ਰਭਾਵਿਤ ਹੋਇਆ ਸੀ ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਅਤੇ 1 ਲੱਖ 10,000 ਹੋਰ ਲੋਕ ਬੇਘਰ ਹੋ ਗਏ ਸੀ।