ਉੱਤਰੀ ਫਰਾਂਸ ਦੇ ਨੇੜੇ ਇੰਗਲਿਸ਼ ਚੈਨਲ ‘ਤੇ ਬੀਤੇ ਦਿਨ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਟੁੱਟ ਗਈ, ਜਿਸ ਕਾਰਨ 12 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਸ ਕਿਸ਼ਤੀ ਵਿੱਚ ਜ਼ਿਆਦਾਤਰ ਪੀੜਤ ਔਰਤਾਂ ਸਨ, ਜਿਨ੍ਹਾਂ ਵਿੱਚ ਕੁਝ 18 ਤੋਂ ਘੱਟ ਉਮਰ ਦੀਆਂ ਸੀ, ਅਤੇ ਕਈਆਂ ਕੋਲ ਜੀਵਨ ਰੱਖਿਅਕ ਵੀ ਨਹੀਂ ਸੀ। ਦੱਸਦਈਏ ਕਿ ਇਹ ਘਟਨਾ ਇਸ ਸਾਲ ਚੈਨਲ ਵਿੱਚ ਹੁਣ ਤੱਕ ਦਾ ਸਭ ਤੋਂ ਘਾਤਕ ਪ੍ਰਵਾਸੀ ਹਾਦਸਾ ਹੈ। ਜਿਸ ਵਿੱਚ ਬਚਾਅ ਕਰਮਚਾਰੀਆਂ ਨੇ 65 ਲੋਕਾਂ ਨੂੰ ਪਾਣੀ ‘ਚੋਂ ਕੱਢਿਆ, ਜਿਨ੍ਹਾਂ ‘ਚੋਂ 12 ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿਥੇ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਦੁਖਾਂਤ ਇਸ ਸਾਲ ਯੂ.ਕੇ. ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਪ੍ਰਵਾਸੀਆਂ ਦੁਆਰਾ ਦਰਪੇਸ਼ ਵੱਧ ਰਹੇ ਜੋਖਮਾਂ ਨੂੰ ਉਜਾਗਰ ਕਰਦਾ ਹੈ, ਜਿਥੇ ਘੱਟੋ ਘੱਟ 30 ਪ੍ਰਵਾਸੀ ਇਸੇ ਤਰ੍ਹਾਂ ਦੀਆਂ ਕੋਸ਼ਿਸ਼ਾਂ ਵਿੱਚ ਮਾਰੇ ਗਏ ਜਾਂ ਲਾਪਤਾ ਹੋ ਗਏ ਹਨ। ਫ੍ਰੈਂਚ ਗ੍ਰਹਿ ਮੰਤਰੀ ਜੇਰਲਡ ਡਾਰਮਨਿਨ ਦੇ ਅਨੁਸਾਰ, ਕਿਸ਼ਤੀ, ਜਿਸ ਨੂੰ ਕਮਜ਼ੋਰ ਅਤੇ 7 ਮੀਟਰ ਤੋਂ ਘੱਟ ਲੰਬਾ ਦੱਸਿਆ ਗਿਆ ਹੈ, ਇਰੀਟ੍ਰੀਆ ਦੇ ਲੋਕਾਂ ਨਾਲ ਭਰੀ ਹੋਈ ਸੀ। ਉਥੇ ਹੀ ਇਸ ਹਾਦਸੇ ਨਾਲ ਸਬੰਧਤ ਇੱਕ ਦੁਖਾਂਤ ਵਿੱਚ, ਲੀਬੀਆ ਦੇ ਤੱਟ ‘ਤੇ ਵੀ ਇੱਕ ਵੱਖਰੀ ਕਿਸ਼ਤੀ ਪਲਟ ਗਈ, ਜਿਸ ਨਾਲ ਇੱਕ ਦੀ ਮੌਤ ਹੋ ਗਈ ਅਤੇ 22 ਲਾਪਤਾ ਹੋ ਗਏ। ਇਸ ਹਾਦਸੇ ਦੇ ਵਾਪਰਨ ਤੋਂ ਬਾਅਦ ਯੂ.ਕੇ. ਦੇ ਗ੍ਰਹਿ ਸਕੱਤਰ ਨੇ ਤਸਕਰੀ ਕਰਨ ਵਾਲੇ ਗਿਰੋਹਾਂ ਦੀ ਜ਼ਿੰਮੇਵਾਰ ਦੀ ਨਿੰਦਾ ਕੀਤੀ ਅਤੇ ਉਨ੍ਹਾਂ ਨੂੰ ਖਤਮ ਕਰਨ ਅਤੇ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਯਤਨਾਂ ਦੀ ਮੰਗ ਕੀਤੀ।