ਓਂਟਾਰੀਓ ਦੇ ਕਾਲਜਾਂ ਦੇ ਵਿਦਿਆਰਥੀ ਅਤੇ ਕਰਮਚਾਰੀ ਸੋਬੇ ਦੇ ਉਮੀਦਵਾਰਾਂ ਤੋਂ ਪੋਸਟ-ਸੈਕੰਡਰੀ ਸਿੱਖਿਆ ਲਈ ਵਧੇਰੇ ਫੰਡਿੰਗ ਦੀ ਮੰਗ ਕਰ ਰਹੇ ਹਨ। ਇਸ ਮੰਗ ਨੂੰ ਲੈ ਕੇ ਹੈਮਿਲਟਨ ਦੇ ਮੋਹਾਕ ਕਾਲਜ ਵਿੱਚ ਇੱਕ ਰੈਲੀ ਕੱਢੀ ਗਈ, ਜਿੱਥੇ ਪਿਛਲੇ ਕੁਝ ਮਹੀਨਿਆਂ ਵਿੱਚ 20% ਫੁੱਲ ਟਾਈਮ ਨੌਕਰੀਆਂ ਖਤਮ ਕਰ ਦਿੱਤੀਆਂ ਗਈਆਂ ਸਨ। ਮੋਹਾਕ ਕਾਲਜ ਦੇ ਫੈਕਲਟੀ ਯੂਨੀਅਨ ਦੀ ਪ੍ਰਧਾਨ ਨੇ ਕਿਹਾ ਕਿ ਕਾਲਜਾਂ ਵਿੱਚ ਹੋ ਰਹੀਆਂ ਕਟੌਤੀਆਂ ਨਾਲ ਸਿੱਖਿਆ ਪ੍ਰਣਾਲੀ ਨੂੰ ਖਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਨੇ ਕਿਹਾ, “ਅਸੀਂ ਉਹਨਾਂ ਵਿਦਿਆਰਥੀਆਂ ਨੂੰ ਸਿੱਖਿਆ ਦਿੰਦੇ ਹਾਂ ਜੋ ਆਪਣੇ ਸਮਾਜ ਵਿੱਚ ਡਾਕਟਰ, ਨਰਸ, ਅਤੇ ਹੋਰ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦੇ ਹਨ ਅਤੇ ਇਸ ਸਿਸਟਮ ਨੂੰ ਬਚਾਉਣ ਦੀ ਲੋੜ ਹੈ।”
ਮੋਹਾਕ ਕਾਲਜ ਨੇ ਪਿਛਲੇ ਸਾਲ ਦਸੰਬਰ ਤੋਂ ਹੁਣ ਤੱਕ 91 ਫੁੱਲ ਟਾਈਮ ਅਤੇ 100 ਤੋਂ ਵੱਧ ਪਾਰਟ-ਟਾਈਮ ਨੌਕਰੀਆਂ ਖਤਮ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ, ਕਾਲਜ ਨੇ 50 ਮਿਲੀਅਨ ਡਾਲਰ ਦੇ ਘਾਟੇ ਨੂੰ ਪੂਰਾ ਕਰਨ ਲਈ ਕਈ ਪ੍ਰੋਗਰਾਮਾਂ ਨੂੰ ਵੀ ਬੰਦ ਕਰ ਦਿੱਤਾ ਹੈ। ਕੁਝ ਐਕਸਪਰਟਸ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ‘ਤੇ ਪਾਬੰਦੀ ਨੇ ਵੀ ਇਸ ਸਮੱਸਿਆ ਨੂੰ ਹੋਰ ਵਧਾ ਦਿੱਤਾ ਹੈ। 2024 ਵਿੱਚ, ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪਰਮਿਟ ਵਿੱਚ 300,000 ਦੀ ਕਮੀ ਕਰ ਦਿੱਤੀ ਸੀ, ਜਿਸ ਨਾਲ ਓਂਟਾਰੀਓ ਦੇ ਕਾਲਜਾਂ ਨੂੰ ਵੱਡਾ ਝਟਕਾ ਲੱਗਾ ਹੈ। ਪ੍ਰਧਾਨ ਨੇ ਕਿਹਾ ਕਿ ਇਸ ਸਮੱਸਿਆ ਨੂੰ ਹੱਲ ਕਰਨ ਲਈ ਸਰਕਾਰ ਨੂੰ 1.4 ਬਿਲੀਅਨ ਡਾਲਰ ਦੀ ਐਮਰਜੈਂਸੀ ਫੰਡਿੰਗ ਦੀ ਲੋੜ ਹੈ।
