ਚਾਈਨਾ ਡੋਰ ਦੀ ਤਸਕਰੀ ਦੇ ਮਾਮਲੇ ਦਿਨੋਂ ਦਿਨ ਵੱਧਦੇ ਜਾ ਰਹੇ ਹਨ। ਵੱਖ-ਵੱਖ ਥਾਵਾਂ ‘ਤੇ ਪੁਲਿਸ ਦੇ ਛਾਪੇਮਾਰੀ ਦੇ ਬਾਵਜੂਦ ਕੁਝ ਲੋਕ ਚਾਈਨਾ ਡੋਰ ਵੇਚਣ ਤੋਂ ਗੁਰੇਜ਼ ਨਹੀਂ ਕਰ ਰਹੇ ਹਨ। ਇਸੇ ਦੌਰਾਨ ਰੋਪੜ ਪੁਲੀਸ ਨੇ ਬਸੰਤ ਪੰਚਮੀ ਦੇ ਤਿਉਹਾਰ ਤੋਂ ਪਹਿਲਾਂ ਭਾਰੀ ਮਾਤਰਾ ਵਿੱਚ ਚਾਈਨਾ ਡੋਰ ਦੀ ਤਸਕਰੀ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ 150 ਤੋਂ ਵੱਧ ਚਾਈਨਾ ਡੋਰ ਗੱਟੂ ਬਰਾਮਦ ਕੀਤੇ ਹਨ।
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੁਲਜ਼ਮ ਜਗਦੀਸ਼ ਜੋ ਕਿ ਕਾਲਜ ਰੋਡ ਦਾ ਰਹਿਣ ਵਾਲਾ ਹੈ, ਨੂੰ ਪਹਿਲਾਂ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਜਗਦੀਸ਼ ਦੇ ਕਬਜ਼ੇ ‘ਚੋਂ 10 ਗੱਟੂ ਚਾਈਨਾ ਡੋਰ ਬਰਾਮਦ ਹੋਏ। ਪੁੱਛਗਿੱਛ ਦੌਰਾਨ ਉਸ ਨੇ ਪੁਲਸ ਨੂੰ ਨਹਿਰੂ ਨਗਰ ਸਥਿਤ ਇਕ ਗੋਦਾਮ ਦਾ ਪਤਾ ਦੱਸਿਆ। ਪੁਲੀਸ ਨੇ ਇਸ ਗੋਦਾਮ ’ਤੇ ਛਾਪਾ ਮਾਰ ਕੇ ਉਥੋਂ 140 ਹੋਰ ਚਾਈਨਾ ਡੋਰ ਗੱਟੂ ਬਰਾਮਦ ਕਰ ਲਏ ਹਨ, ਜਿਸ ’ਤੇ ਥਾਣਾ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਜੰਗਲੀ ਜੀਵ ਅਤੇ ਵਾਤਾਵਰਨ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।