ਰਾਜਸਥਾਨ ਦੇ ਕੋਟਾ ‘ਚ ਇਕ ਸਰਕਾਰੀ ਸਕੂਲ ‘ਚ ਟਾਇਲਟ ਦੀ ਕੰਧ ਡਿੱਗਣ ਨਾਲ 7 ਸਾਲਾ ਬੱਚੀ ਦੱਬ ਗਈ, ਜਿਸ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਵਿਭਾਗ ਨੇ ਸ਼ਨੀਵਾਰ ਨੂੰ ਸਕੂਲ ਦੇ ਤਿੰਨ ਅਧਿਆਪਕਾਂ ਨੂੰ ਕਥਿਤ ਲਾਪਰਵਾਹੀ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਹੈ ਅਤੇ ਇਸ ਦੀ ਵਿਸਥਾਰਤ ਜਾਂਚ ਦੇ ਹੁਕਮ ਦਿੱਤੇ ਹਨ। ਇਲਾਕਾ ਅਧਿਕਾਰੀ ਸਤਿਆਨਾਰਾਇਣ ਮਾਲਵ ਨੇ ਦੱਸਿਆ ਕਿ ਦਰਬੇਚੀ ਪਿੰਡ ਦੇ ਸਰਕਾਰੀ ਹਾਇਰ ਪ੍ਰਾਇਮਰੀ ਸਕੂਲ ਦੀ ਪਹਿਲੀ ਜਮਾਤ ਦੀ ਵਿਦਿਆਰਥਣ ਰੋਹਿਣੀ ਸ਼ੁੱਕਰਵਾਰ ਦੁਪਹਿਰ ਨੂੰ ਉਸ ਸਮੇਂ ਜ਼ਖਮੀ ਹੋ ਗਈ ਜਦੋਂ ਉਹ ਟਾਇਲਟ ਦੇ ਅੰਦਰ ਸੀ।
ਉਸ ਨੇ ਦੱਸਿਆ ਕਿ ਖਸਤਾਹਾਲ ਟਾਇਲਟ ਦੀ ਕੰਧ ਡਿੱਗ ਕੇ ਲੜਕੀ ਨੂੰ ਦੱਬ ਗਈ। ਪੁਲਸ ਨੇ ਦੱਸਿਆ ਕਿ ਸਕੂਲ ਸਟਾਫ ਨੇ ਬੱਚੀ ਦੇ ਮਾਪਿਆਂ ਨੂੰ ਸੂਚਿਤ ਕੀਤਾ, ਜੋ ਉਸ ਨੂੰ ਸੁਲਤਾਨਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਲੈ ਗਏ। ਪੁਲਸ ਨੇ ਦੱਸਿਆ ਕਿ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਉੱਚ ਸਿਹਤ ਕੇਂਦਰ ਰੈਫਰ ਕਰ ਦਿੱਤਾ। ਇਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਕੋਟਾ ਦੇ ਇੱਕ ਨਿੱਜੀ ਹਸਪਤਾਲ ਲੈ ਗਏ ਜਿੱਥੇ ਸ਼ੁੱਕਰਵਾਰ ਸ਼ਾਮ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸ਼ਨੀਵਾਰ ਨੂੰ ਬੱਚੀ ਦੇ ਮਾਤਾ-ਪਿਤਾ ਨੇ ਸਕੂਲ ਸਟਾਫ ‘ਤੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ।
ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਇਸ ਘਟਨਾ ਤੋਂ ਗੁੱਸੇ ਵਿੱਚ ਆ ਕੇ ਲੜਕੀ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਮੁਆਵਜ਼ੇ ਅਤੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਡੇਰਾਬਸੀ ਰੋਡ ’ਤੇ ਧਰਨਾ ਦਿੱਤਾ। ਪੁਲੀਸ ਤੋਂ ਇਲਾਵਾ ਉਪ ਮੰਡਲ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਪਰਿਵਾਰ ਨੂੰ 5.50 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ। ਪੁਲੀਸ ਨੇ ਦੱਸਿਆ ਕਿ ਮੌਕੇ ’ਤੇ ਹੀ 3.50 ਲੱਖ ਰੁਪਏ ਪਰਿਵਾਰ ਨੂੰ ਸੌਂਪ ਦਿੱਤੇ ਗਏ ਅਤੇ ਬਾਕੀ ਰਾਸ਼ੀ ਵੀ ਜਲਦੀ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਬਾਅਦ ਧਰਨਾ ਸਮਾਪਤ ਹੋ ਗਿਆ।