ਹਿਮਾਚਲ ਪ੍ਰਦੇਸ਼ ਦੀ ਧਰਮਸ਼ਾਲਾ ਜਾਣ ਵਾਲਿਆਂ ਲਈ ਖੁਸ਼ਖਬਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਧਰਮਸ਼ਾਲਾ ਲਈ ਦੂਜੀ ਉਡਾਣ 31 ਮਾਰਚ ਤੋਂ ਚਲਾਈ ਜਾਵੇਗੀ। ਇਹ ਉਡਾਣ ਐਤਵਾਰ ਨੂੰ ਛੱਡ ਕੇ ਹਫ਼ਤੇ ਵਿੱਚ 6 ਦਿਨ ਚੱਲੇਗੀ। ਹਵਾਈ ਅੱਡੇ ਦੇ ਸੀਈਓ ਅਜੇ ਵਰਮਾ ਨੇ ਦੱਸਿਆ ਕਿ ਇੰਡੀਗੋ ਏਅਰਲਾਈਨਜ਼ 31 ਮਾਰਚ ਤੋਂ ਏਟੀਆਰ 72 ਸੀਟਰ ਉਡਾਣਾਂ ਦਾ ਸੰਚਾਲਨ ਸ਼ੁਰੂ ਕਰੇਗੀ, ਜਿਸ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਫਿਲਹਾਲ ਹਵਾਈ ਅੱਡੇ ਤੋਂ ਧਰਮਸ਼ਾਲਾ ਲਈ ਰੋਜ਼ਾਨਾ ਸਿਰਫ਼ ਇੱਕ ਉਡਾਣ ਚੱਲ ਰਹੀ ਹੈ।
ਏਅਰਪੋਰਟ ਅਥਾਰਟੀ ਦੁਆਰਾ 30 ਸਤੰਬਰ ਨੂੰ ਜਾਰੀ ਕੀਤੇ ਗਏ ਸ਼ਡਿਊਲ ਵਿੱਚ ਧਰਮਸ਼ਾਲਾ ਲਈ ਸਿਰਫ ਇੱਕ ਫਲਾਈਟ ਸ਼ਾਮਲ ਸੀ, ਜਦੋਂ ਕਿ ਹੋਰ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਗਰਮੀਆਂ ਦਾ ਸਮਾਂ 31 ਮਾਰਚ ਤੋਂ ਸ਼ੁਰੂ ਹੋਣਾ ਹੈ ਪਰ ਇਸ ਤੋਂ ਪਹਿਲਾਂ ਹੀ ਏਅਰਲਾਈਨਜ਼ ਨੇ ਆਨਲਾਈਨ ਬੁਕਿੰਗ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇੰਡੀਗੋ ਏਅਰਲਾਈਨਜ਼ ਨੇ ਕਿਰਾਇਆ 2500 ਰੁਪਏ ਤੈਅ ਕੀਤਾ ਹੈ ਪਰ ਬੁਕਿੰਗ ਦਾ ਫੈਸਲਾ ਫਲੈਕਸੀ ਕਿਰਾਏ ਦੇ ਹਿਸਾਬ ਨਾਲ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ 31 ਮਾਰਚ ਤੋਂ ਸ਼ੁਰੂ ਹੋਣ ਵਾਲੀ ਇਹ ਉਡਾਣ ਧਰਮਸ਼ਾਲਾ ਤੋਂ ਦੁਪਹਿਰ 12 ਵਜੇ ਉਡਾਣ ਭਰੇਗੀ ਅਤੇ ਦੁਪਹਿਰ 1 ਵਜੇ ਚੰਡੀਗੜ੍ਹ ਪਹੁੰਚੇਗੀ। ਵਾਪਸੀ ਦੀ ਉਡਾਣ ਚੰਡੀਗੜ੍ਹ ਤੋਂ ਦੁਪਹਿਰ 1.30 ਵਜੇ ਰਵਾਨਾ ਹੋਵੇਗੀ ਅਤੇ 2.35 ਵਜੇ ਧਰਮਸ਼ਾਲਾ ਪਹੁੰਚੇਗੀ।
ਪ੍ਰਯਾਗਰਾਜ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਵੱਧਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਚੰਡੀਗੜ੍ਹ-ਦਿੱਲੀ ਅਤੇ ਪ੍ਰਯਾਗਰਾਜ ਵਿਚਕਾਰ ਕਨੈਕਟਿੰਗ ਫਲਾਈਟਾਂ ਸ਼ੁਰੂ ਕੀਤੀਆਂ ਗਈਆਂ ਹਨ। ਕਨੈਕਟਿੰਗ ਫਲਾਈਟ ਨੂੰ ਦਿੱਲੀ ਏਅਰਪੋਰਟ ‘ਤੇ ਕਰੀਬ 5 ਘੰਟੇ ਰੁਕਣਾ ਹੋਵੇਗਾ। ਜਾਣਕਾਰੀ ਅਨੁਸਾਰ ਏਅਰ ਇੰਡੀਆ ਦੀ ਉਡਾਣ ਚੰਡੀਗੜ੍ਹ ਤੋਂ ਸਵੇਰੇ 7.40 ਵਜੇ ਉਡਾਣ ਭਰੇਗੀ ਅਤੇ ਸਵੇਰੇ 8.50 ਵਜੇ ਦਿੱਲੀ ਪਹੁੰਚੇਗੀ। ਦਿੱਲੀ ਤੋਂ ਪ੍ਰਯਾਗਰਾਜ ਲਈ ਉਡਾਣ ਦੁਪਹਿਰ 2.10 ਵਜੇ ਰਵਾਨਾ ਹੋਵੇਗੀ। ਇਨ੍ਹਾਂ ਉਡਾਣਾਂ ‘ਚ 3 ਫਰਵਰੀ ਤੱਕ ਕੋਈ ਸੀਟ ਉਪਲਬਧ ਨਹੀਂ ਹੈ। ਦੂਜੇ ਪਾਸੇ ਚੰਡੀਗੜ੍ਹ ਏਅਰਪੋਰਟ ਅਥਾਰਟੀ ਵੱਲੋਂ ਹੋਰ ਉਡਾਣਾਂ ਚਲਾਉਣ ਲਈ ਏਅਰਲਾਈਨਜ਼ ਨਾਲ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਨਵਾਂ ਸ਼ਡਿਊਲ ਜਾਰੀ ਨਹੀਂ ਕੀਤਾ ਗਿਆ।