ਵਿਜੀਲੈਂਸ ਬਿਊਰੋ ਵੱਲੋਂ ਅੰਮ੍ਰਿਤਸਰ ਜ਼ਿਲੇ ਦੇ ਮਾਲ ਸਰਕਲ ਚੌਗਾਵਾਂ ਵਿਖੇ ਤਾਇਨਾਤ ਪਟਵਾਰੀ ਹਰਸਿਮਰਤ ਜੀਤ ਸਿੰਘ ਨੂੰ ਅਦਾਲਤ ਦੀਆਂ ਹਦਾਇਤਾਂ ‘ਤੇ ਅੱਜ ਨਿਆਇਕ ਹਿਰਾਸਤ ਵਿਚ ਜੇਲ ਭੇਜ ਦਿੱਤਾ ਗਿਆ ਹੈ। ਬੁੱਧਵਾਰ ਨੂੰ ਵੀਬੀ ਨੇ ਉਸ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ।
ਦੱਸ ਦੇਈਏ ਕਿ ਅੰਮ੍ਰਿਤਸਰ ਦੀ ਲੋਪੋਕੇ ਤਹਿਸੀਲ ਦੇ ਪਿੰਡ ਕੋਹਾਲਾ ਦੇ ਵਸਨੀਕ ਸਰਮੇਲ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਸੀ ਕਿ ਪਟਵਾਰੀ ਹਰਸਿਮਰਤ ਸਿੰਘ ਨੇ ਉਸ ਤੋਂ 20 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ। ਉਕਤ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਕਥਿਤ ਦੋਸ਼ੀ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਸਬੂਤਾਂ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਉਸ ਖਿਲਾਫ਼ ਵਿਜੀਲੈਂਸ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਵਿਰੋਧੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ।
ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਮੁਲਜ਼ਮ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਯੋਗ ਜੱਜ ਨੇ ਉਸ ਦਾ ਇੱਕ ਦਿਨ ਦਾ ਰਿਮਾਂਡ ਦੇ ਦਿੱਤਾ। ਰਿਮਾਂਡ ਦੀ ਮਿਆਦ ਖਤਮ ਹੋਣ ਉਪਰੰਤ ਅੱਜ ਜਦੋਂ ਵਿਜੀਲੈਂਸ ਨੇ ਮੁਲਜ਼ਮ ਪਟਵਾਰੀ ਹਰਸਿਮਰਤ ਜੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤਾਂ ਸਮਰੱਥ ਜੱਜ ਨੇ ਉਸ ਦਾ ਹੋਰ ਰਿਮਾਂਡ ਨਾ ਦਿੱਤਾ ਅਤੇ ਉਸ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜਣ ਦੇ ਨਿਰਦੇਸ਼ ਦਿੱਤੇ।