ਦੱਖਣੀ ਕੈਲੀਫੋਰਨੀਆ ਵਿੱਚ ਰਹਿਣ ਵਾਲੇ ਲੱਖਾਂ ਲੋਕਾਂ ਲਈ ਮੰਗਲਵਾਰ ਨੂੰ ਜੰਗਲ ਦੀ ਅੱਗ ਦੀ ਇੱਕ ਨਵੀਂ ਚੇਤਾਵਨੀ ਜਾਰੀ ਕੀਤੀ ਗਈ, ਜਦੋਂ ਕਿ ਹਜ਼ਾਰਾਂ ਲੋਕਾਂ ਦੀ ਬਿਜਲੀ ਸਪਲਾਈ ਕੱਟ ਦਿੱਤੀ ਗਈ। ਲਾਸ ਏਂਜਲਸ ਵਿੱਚ ਇੱਕ ਹਫ਼ਤੇ ਵਿੱਚ ਦੋ ਵਾਰ ਜੰਗਲੀ ਅੱਗ ਲੱਗ ਚੁੱਕੀ ਹੈ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਮੁੜ ਤੇਜ਼ ਹਵਾਵਾਂ ਚੱਲਣ ਕਾਰਨ ਅੱਗ ਹੋਰ ਫੈਲਣ ਦੀ ਸੰਭਾਵਨਾ ਹੈ। ਸੂਰਜ ਚੜ੍ਹਨ ਤੋਂ ਪਹਿਲਾਂ ਪਹਾੜੀ ਇਲਾਕਿਆਂ ‘ਚ ਚੱਲਣ ਵਾਲੀਆਂ ‘ਸਾਂਤਾ ਆਨਾ’ ਹਵਾਵਾਂ ਦੇ ਤੇਜ਼ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਅੱਗ ਦੇ ਮੁੜ ਭੜਕਣ ਦੀ ਸੰਭਾਵਨਾ ਹੈ। ਅੱਗ ਨਾਲ ਹੁਣ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਲਾਸ ਏਂਜਲਸ ਸਿਟੀ ਫਾਇਰ ਚੀਫ ਕ੍ਰਿਸਟਿਨ ਕ੍ਰੋਲੇ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਜਾਨ ਨੂੰ ਖਤਰੇ ਵਿੱਚ ਪਾਉਣ ਵਾਲੀਆਂ, ਵਿਨਾਸ਼ਕਾਰੀ ਅਤੇ ਤੇਜ਼ ਹਵਾਵਾਂ ਪਹਿਲਾਂ ਹੀ ਚੱਲ ਰਹੀਆਂ ਹਨ,” ਦੱਖਣੀ ਕੈਲੀਫੋਰਨੀਆ ਦਾ ਬਹੁਤਾ ਹਿੱਸਾ ਅੱਗ ਨਾਲ ਪ੍ਰਭਾਵਿਤ ਹੈ। ਸੈਨ ਡਿਏਗੋ ਤੋਂ ਦੂਰ ਉੱਤਰੀ ਲਾਸ ਏਂਜਲਸ ਤੱਕ 482 ਕਿਲੋਮੀਟਰ ਦੇ ਖੇਤਰ ਵਿੱਚ ਅਮਲੇ ‘ਹਾਈ ਅਲਰਟ’ ‘ਤੇ ਹਨ। ਪੂਰਵ ਅਨੁਮਾਨ ਅਧਿਕਾਰੀਆਂ ਨੇ ਕਿਹਾ ਕਿ ਸਭ ਤੋਂ ਵੱਡਾ ਖ਼ਤਰਾ ਲਾਸ ਏਂਜਲਸ ਦੇ ਉੱਤਰ ਵਿੱਚ ਅੰਦਰੂਨੀ ਖੇਤਰਾਂ ਵਿੱਚ ਹੈ, ਜਿਸ ਵਿੱਚ ਸੰਘਣੀ ਆਬਾਦੀ ਵਾਲੇ ਥਾਊਜ਼ੈਂਡ ਓਕਸ, ਨੌਰਥਰਿਜ ਅਤੇ ਸਿਮੀ ਵੈਲੀ ਸ਼ਾਮਲ ਹਨ, ਜਿੱਥੇ 300,000 ਤੋਂ ਵੱਧ ਲੋਕ ਰਹਿੰਦੇ ਹਨ। ਕਰੀਬ 90,000 ਘਰ ਬਿਜਲੀ ਤੋਂ ਸੱਖਣੇ ਹਨ ਕਿਉਂਕਿ ਬਿਜਲੀ ਕੰਪਨੀਆਂ ਨੇ ਅੱਗ ਲੱਗਣ ਦੇ ਡਰੋਂ ਬਿਜਲੀ ਸਪਲਾਈ ਬੰਦ ਕਰ ਦਿੱਤੀ ਹੈ।
ਸਥਾਨਕ ਨਿਵਾਸੀਆਂ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸੁਚੇਤ ਰਹਿਣ, ਬਾਹਰੀ ਵਾਤਾਵਰਣ, ਅਸਮਾਨ ‘ਤੇ ਨਜ਼ਰ ਰੱਖਣ ਅਤੇ ਸੂਚਨਾ ਮਿਲਣ ‘ਤੇ ਤੁਰੰਤ ਬਾਹਰ ਨਿਕਲਣ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਨੇ 50 ਦੇ ਕਰੀਬ ਲੋਕਾਂ ਨੂੰ ਲੁੱਟ-ਖੋਹ ਕਰਨ, ਫਾਇਰ ਏਰੀਏ ਵਿੱਚ ਡਰੋਨ ਉਡਾਉਣ, ਕਰਫਿਊ ਦੀ ਉਲੰਘਣਾ ਕਰਨ ਅਤੇ ਹੋਰ ਅਪਰਾਧਾਂ ਲਈ ਗ੍ਰਿਫ਼ਤਾਰ ਕੀਤਾ ਹੈ। ਲਾਸ ਏਂਜਲਸ ਦੇ ਪੁਲਿਸ ਮੁਖੀ ਜਿਮ ਮੈਕਡੋਨਲ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਤਿੰਨ ਲੋਕਾਂ ਨੂੰ ਅੱਗਜ਼ਨੀ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮਾਂ ਨੇ ਛੋਟੀਆਂ-ਮੋਟੀਆਂ ਅੱਗਾਂ ਲਾਈਆਂ, ਜਿਨ੍ਹਾਂ ਨੂੰ ਤੁਰੰਤ ਬੁਝਾਇਆ ਗਿਆ। ਮੌਸਮ ਵਿਗਿਆਨੀ ਏਰੀਅਲ ਕੋਹੇਨ ਨੇ ਕਿਹਾ ਕਿ ਸ਼ਾਮ ਅਤੇ ਬੁੱਧਵਾਰ ਨੂੰ ਹਵਾਵਾਂ ਦੇ ਤੇਜ਼ ਹੋਣ ਅਤੇ ਫਿਰ ਘੱਟਣ ਦੀ ਸੰਭਾਵਨਾ ਹੈ।
ਕੇਂਦਰੀ ਕੈਲੀਫੋਰਨੀਆ ਤੋਂ ਮੈਕਸੀਕੋ ਦੀ ਸਰਹੱਦ ਤੱਕ ਬੁੱਧਵਾਰ ਤੱਕ ਉੱਚ ਪੱਧਰੀ ਚੇਤਾਵਨੀਆਂ ਜਾਰੀ ਹਨ। ਲਾਸ ਏਂਜਲਸ ਦੀ ਮੇਅਰ ਕੈਰਨ ਬਾਸ ਨੇ ਕਿਹਾ ਕਿ ਉਨ੍ਹਾਂ ਨੇ ਅੱਗ ਨਾਲ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਲਾਸ ਏਂਜਲਸ ਕਾਉਂਟੀ ਦੇ ਫਾਇਰ ਚੀਫ ਐਂਥਨੀ ਮੈਰੋਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਹਵਾਵਾਂ 112 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੱਕ ਪਹੁੰਚਦੀਆਂ ਹਨ, ਤਾਂ “ਅੱਗ ਨੂੰ ਕਾਬੂ ਕਰਨਾ ਹੋਰ ਮੁਸ਼ਕਲ ਹੋ ਜਾਵੇਗਾ।” ‘ਆਸਕਰ’ ਲਈ ਨਾਮਜ਼ਦਗੀਆਂ ਦੋ ਵਾਰ ਮੁਲਤਵੀ ਕਰ ਦਿੱਤੀਆਂ ਗਈਆਂ ਸਨ ਅਤੇ ਕੁਝ ਸੰਸਥਾਵਾਂ ਨੇ ਸੰਭਾਵਿਤ ਮਿਤੀ ਦਾ ਐਲਾਨ ਕੀਤੇ ਬਿਨਾਂ ਆਪਣੇ ਪੁਰਸਕਾਰ ਸਮਾਰੋਹ ਵੀ ਮੁਲਤਵੀ ਕਰ ਦਿੱਤੇ ਹਨ।