ਲਾਸ ਵੇਗਾਸ ਵਿੱਚ ਘਰ ਤੇ ਹਮਲਾ ਕਰਨ ਦੇ ਦੌਰਾਨ 911 ‘ਤੇ ਮਦਦ ਲਈ ਕਾਲ ਕਰਨ ਵਾਲੇ 43 ਸਾਲਾ ਬ੍ਰੈਂਡਨ ਡਰਹਮ ਨੂੰ ਪੁਲਿਸ ਅਧਿਕਾਰੀ ਵੱਲੋਂ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ। ਡਰਹਮ ਨੇ 12 ਨਵੰਬਰ ਨੂੰ ਕਾਲ ਕਰਕੇ ਦੱਸਿਆ ਕਿ ਉਹ ਆਪਣੀ 15 ਸਾਲਾ ਧੀ ਨਾਲ ਲੁਕਿਆ ਹੋਇਆ ਹੈ। ਜਿਥੇ ਅਫਸਰ ਅਲੈਗਜ਼ੈਂਡਰ ਬੁੱਕਮੈਨ ਨੇ ਡਰਹਮ ਨੂੰ ਚਾਕੂ ਲਈ ਘਰ ਦੇ ਹਾਲਵੇਅ ਵਿੱਚ ਘੁਸਪੈਠੀਏ ਨਾਲ ਸੰਘਰਸ਼ ਕਰਦੇ ਦੇਖਿਆ।ਪੁਲਿਸ ਵੱਲੋਂ ਜਾਰੀ ਕੀਤੀ ਗਈ ਬਾਡੀ ਕੈਮਰਾ ਫੁਟੇਜ ਵਿਚ ਦਿਖਾਇਆ ਗਿਆ ਹੈ ਕਿ ਬੁਕਮੈਨ ਨੇ ਪਹਿਲਾਂ ਇੱਕ ਗੋਲੀ ਚਲਾਈ ਅਤੇ ਫਿਰ ਡਰਹਮ ਅਤੇ ਘੁਸਪੈਠੀਏ ਦੇ ਥਲੇ ਡਿੱਗਣ ਤੋਂ ਬਾਅਦ ਪੰਜ ਹੋਰ ਗੋਲੀਆਂ ਚਲਾਈਆਂ। ਜਿਸ ਦੇ ਚਲਦੇ ਡਰਹਮ ਦੀ ਘਟਨਾ ਸਥਲ ‘ਤੇ ਹੀ ਮੌਤ ਹੋ ਗਈ। ਘੁਸਪੈਠੀਏ ਨੂੰ ਗ੍ਰਿਫ਼ਤਾਰ ਕਰਕੇ ਘਰੇਲੂ ਹਿੰਸਾ ਅਤੇ ਹਮਲੇ ਦੇ ਦੋਸ਼ ਲਾਏ ਗਏ ਹਨ। ਉਥੇ ਹੀ ਡਰਹਮ ਦੇ ਪਰਿਵਾਰ ਨੇ ਮਾਮਲੇ ‘ਤੇ ਨਿਆਂ ਦੀ ਮੰਗ ਕੀਤੀ ਹੈ ਅਤੇ ਪੁਲਿਸ ਅਧਿਕਾਰੀ ਨੂੰ ਨੌਕਰੀ ਤੋਂ ਕੱਢਣ ਅਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਜ਼ਿਲਾ ਅਟਾਰਨੀ ਨੇ ਕਿਹਾ ਹੈ ਕਿ ਜਾਂਚ ਜਾਰੀ ਹੈ ਅਤੇ ਇਸ ਮੌਕੇ ‘ਤੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ। ਬੁਕਮੈਨ ਨੂੰ ਤਹਕੀਕਾਤ ਦੌਰਾਨ ਤਨਖ਼ਾਹ ਸਮੇਤ ਛੁੱਟੀ ‘ਤੇ ਰੱਖਿਆ ਗਿਆ ਹੈ।