ਹੈਲੀਫੈਕਸ ਵਾਲਮਾਰਟ ਨੇ ਟੀਨਏਜਰ ਕਰਮਚਾਰੀ ਦੀ ਮੌਤ ਤੋਂ ਬਾਅਦ ਬੇਕਰੀ ਨੂੰ ਖੋਲ੍ਹਿਆ ਦੁਬਾਰਾ, ਜਾਂਚ ਜਾਰੀ।ਹੈਲੀਫੈਕਸ ਦੇ ਮਮਫੋਰਡ ਰੋਡ ਵਾਲਮਾਰਟ ਵਿਖੇ ਬੇਕਰੀ ‘ਤੇ ਕੰਮ ਰੋਕੂ ਆਰਡਰ ਨੂੰ ਹੁਣ ਹਟਾ ਦਿੱਤਾ ਗਿਆ ਹੈ, ਜਿੱਥੇ 19 ਸਾਲਾ ਕਰਮਚਾਰੀ ਗੁਰਸਿਮਰਨ ਕੌਰ ਇੱਕ ਹਫ਼ਤਾ ਪਹਿਲਾਂ ਵਾਕ-ਇਨ ਓਵਨ ਵਿੱਚ ਦੁਖਦਾਈ ਤੌਰ ‘ਤੇ ਮ੍ਰਿਤਕ ਪਾਈ ਗਈ ਸੀ।ਦੱਸਦਈਏ ਕਿ ਨੋਵਾ ਸਕੋਸ਼ਾ ਡਿਪਾਰਟਮੈਂਟ ਆਫ ਲੇਬਰ, ਸਕਿੱਲਜ਼ ਅਤੇ ਇਮੀਗ੍ਰੇਸ਼ਨ ਦੁਆਰਾ ਜਾਰੀ ਕੀਤੇ ਗਏ ਆਦੇਸ਼ ਨੂੰ ਪਾਲਣਾ ਦੀ ਪੁਸ਼ਟੀ ਕਰਨ ਤੋਂ ਬਾਅਦ ਹਟਾ ਦਿੱਤਾ ਗਿਆ, ਹਾਲਾਂਕਿ ਸਟੋਰ ਅਜੇ ਵੀ ਬੰਦ ਹੈ।ਇਸ ਦੌਰਾਨ ਵਾਲਮਾਰਟ ਨੇ ਭਰੋਸਾ ਦਿੱਤਾ ਹੈ ਕਿ ਉਹ ਕਰਮਚਾਰੀਆਂ ਨੂੰ ਭੁਗਤਾਨ ਕਰਨਾ ਜਾਰੀ ਰਖੇਗਾ ਅਤੇ ਲੋੜ ਪੈਣ ‘ਤੇ ਕਰਮਚਾਰੀਆਂ ਨੂੰ ਵਿਕਲਪਕ ਕੰਮ ਮੁਹਈਆ ਕਰਵਾਇਆ ਜਾ ਸਕਦਾ ਹੈ।ਜ਼ਿਕਰਯੋਗ ਹੈ ਕਿ ਗੁਰਸਿਮਰਨ ਕੌਰ, ਮੂਲ ਰੂਪ ਵਿੱਚ ਭਾਰਤ ਦੀ ਰਹਿਣ ਵਾਲੀ ਸੀ, ਅਤੇ ਆਪਣੀ ਮਾਂ ਨਾਲ ਵਾਲਮਾਰਟ ਸਟੋਰ ਵਿੱਚ ਦੋ ਸਾਲਾਂ ਤੋਂ ਕੰਮ ਕਰਦੀ ਸੀ।ਇਸ ਦੌਰਾਨ ਮੈਰੀਟਾਈਮ ਸਿੱਖ ਸੁਸਾਇਟੀ ਨੇ ਕੌਰ ਦੀ ਪਛਾਣ ਕੀਤੀ ਅਤੇ ਇੱਕ ਔਨਲਾਈਨ ਫੰਡਰੇਜ਼ਰ ਸਥਾਪਤ ਕੀਤਾ, ਜਿਸ ਨੇ ਉਸਦੇ ਪਰਿਵਾਰ ਲਈ ਲਗਭਗ 1 ਲੱਖ 90,000 ਡਾਲਰ ਇਕੱਠੇ ਕੀਤੇ ਹਨ।ਜਾਣਕਾਰੀ ਮੁਤਾਬਕ ਭਾਈਚਾਰਾ ਕੌਰ ਦੇ ਪਿਤਾ ਨੂੰ ਕੈਨੇਡਾ ਲਿਆਉਣ ਲਈ ਐਮਰਜੈਂਸੀ ਵੀਜ਼ਾ ਪ੍ਰਾਪਤ ਕਰਨ ਵਿੱਚ ਵੀ ਸਹਾਇਤਾ ਕਰ ਰਿਹਾ ਹੈ।ਉਥੇ ਹੀ ਪ੍ਰੋਵਿੰਸ ਦੇ ਲੇਬਰ ਵਿਭਾਗ ਅਤੇ ਹੈਲੀਫੈਕਸ ਖੇਤਰੀ ਪੁਲਿਸ ਦੋਵੇਂ ਜਾਂਚ ਕਰ ਰਹੇ ਹਨ, ਪੁਲਿਸ ਇਸ ਨੂੰ “ਗੁੰਝਲਦਾਰ” ਕੇਸ ਵਜੋਂ ਦੱਸ ਰਹੀ ਹੈ।ਰਿਪੋਰਟ ਮੁਤਾਬਕ ਵਾਲਮਾਰਟ ਮ੍ਰਿਤਕ ਦੇ ਪਰਿਵਾਰ ਨਾਲ ਸਿੱਧੇ ਸੰਪਰਕ ਵਿੱਚ ਹੈ, ਅਤੇ ਇਸ ਮੁਸ਼ਕਲ ਸਮੇਂ ਦੌਰਾਨ ਵਿੱਤੀ ਅਤੇ ਭਾਵਨਾਤਮਕ ਸਹਾਇਤਾ ਦੀ ਪੇਸ਼ਕਸ਼ ਕਰ ਰਿਹਾ ਹੈ।
