ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 14 ਜਨਵਰੀ ਨੂੰ ਜੰਮੂ ਦੇ ਅਖਨੂਰ ਵਿੱਚ ਆਯੋਜਿਤ 9ਵੇਂ ਹਥਿਆਰਬੰਦ ਸਾਬਕਾ ਸੈਨਿਕ ਦਿਵਸ ‘ਤੇ ਇੱਕ ਮਹੱਤਵਪੂਰਨ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਰਹਿ ਰਹੇ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਲਈ ਇੱਕ ਮੋਬਾਈਲ ਮੈਡੀਕਲ ਯੂਨਿਟ ਦਾ ਨਿਰਮਾਣ ਕਰੇਗੀ। ਇਸ ਮੋਬਾਈਲ ਮੈਡੀਕਲ ਯੂਨਿਟ ਵਿੱਚ ਡਾਕਟਰ, ਪੈਰਾਮੈਡਿਕਸ ਅਤੇ ਜ਼ਰੂਰੀ ਮੈਡੀਕਲ ਉਪਕਰਣ ਹੋਣਗੇ। ਇਹ ਯੂਨਿਟ ਸਿਹਤ ਜਾਂਚ ਤੋਂ ਇਲਾਵਾ ਸਾਬਕਾ ਸੈਨਿਕਾਂ ਨੂੰ ਫੌਜ ਦੇ ਹਸਪਤਾਲਾਂ ਵਿੱਚ ਲਿਜਾਣ ਵਿੱਚ ਮਦਦ ਕਰੇਗਾ।
ਰੱਖਿਆ ਮੰਤਰੀ ਨੇ ਇਸ ਪਹਿਲਕਦਮੀ ਨੂੰ ਅਹਿਮ ਕਦਮ ਕਰਾਰ ਦਿੰਦਿਆਂ ਕਿਹਾ ਕਿ ਇਸ ਨੂੰ ਲਾਗੂ ਕਰਨ ਵਿੱਚ ਥੋੜ੍ਹਾ ਸਮਾਂ ਲੱਗੇਗਾ ਪਰ ਉਨ੍ਹਾਂ ਭਰੋਸਾ ਦਿੱਤਾ ਕਿ ਇਹ ਘਰ-ਘਰ ਮੈਡੀਕਲ ਸੇਵਾ ਜਲਦੀ ਸ਼ੁਰੂ ਹੋ ਜਾਵੇਗੀ। ਇਸ ਐਲਾਨ ਦੀ ਉਥੇ ਮੌਜੂਦ ਸਾਬਕਾ ਸੈਨਿਕਾਂ ਵੱਲੋਂ ਸ਼ਲਾਘਾ ਕੀਤੀ ਗਈ।
ਇਸ ਮੌਕੇ ਰਾਜਨਾਥ ਸਿੰਘ ਨੇ ਦੇਸ਼ ਦੇ ਸੈਨਿਕਾਂ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਅਤੇ ਵਿਸ਼ੇਸ਼ ਤੌਰ ‘ਤੇ 1965 ਦੀ ਜੰਗ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਜਿੱਤ ਹਥਿਆਰਬੰਦ ਸੈਨਾਵਾਂ ਦੀ ਬਹਾਦਰੀ ਅਤੇ ਕੁਰਬਾਨੀ ਦਾ ਪ੍ਰਤੀਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਬਕਾ ਸੈਨਿਕ ਸੇਵਾਮੁਕਤੀ ਤੋਂ ਬਾਅਦ ਵੀ ਦੇਸ਼ ਦੀ ਸੰਪਤੀ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਰੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਹੈ।ਇਸ ਦੇ ਨਾਲ ਹੀ, ਰੱਖਿਆ ਮੰਤਰੀ ਨੇ ਹਥਿਆਰਬੰਦ ਸੈਨਾਵਾਂ ਦੇ ਪਹਿਲੇ ਕਮਾਂਡਰ-ਇਨ-ਚੀਫ਼, ਫੀਲਡ ਮਾਰਸ਼ਲ ਕੇ.ਐਮ. ਕਰਿਅੱਪਾ ਦੇ ਯੋਗਦਾਨ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੇ ਸਨਮਾਨ ਵਿੱਚ ਆਰਮਡ ਫੋਰਸਿਜ਼ ਐਕਸ-ਸਰਵਿਸਮੈਨ ਦਿਵਸ ਦੇ ਆਯੋਜਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।