ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਨੇ ਐੱਸ.ਏ.ਐੱਸ. ਡੇਰਾਬੱਸੀ ਵਿੱਚ ਆਈਲੈਟਸ/ਇਮੀਗ੍ਰੇਸ਼ਨ ਸੈਂਟਰ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿੱਚ ਸਿਟੀ ਪੁਲਿਸ ਦੇ ਨਾਲ-ਨਾਲ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ ਇੱਕ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਇੱਥੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਦਿੱਤੀ।
ਫੜੇ ਗਏ ਮੁਲਜ਼ਮ ਦੀ ਪਛਾਣ ਮਹਿਫੂਜ਼ ਉਰਫ਼ ਵਿਸ਼ਾਲ ਖਾਨ ਵਾਸੀ ਡੇਰਾਬੱਸੀ ਵਜੋਂ ਹੋਈ ਹੈ। ਪੁਲੀਸ ਟੀਮ ਨੇ ਉਸ ਦੇ ਕਬਜ਼ੇ ਵਿੱਚੋਂ ਇੱਕ .32 ਬੋਰ ਦਾ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਕੀਤੇ ਹਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗਰੋਹ ਦਾ ਇੱਕ ਹੋਰ ਮੈਂਬਰ ਮਨਜੀਤ ਉਰਫ਼ ਗੁਰੀ, ਜੋ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹੈ, ਡੇਰਾਬੱਸੀ ਵਿੱਚ ਆਈਲੈਟਸ/ਇਮੀਗ੍ਰੇਸ਼ਨ ਕੇਂਦਰ ਵਿੱਚ ਗੋਲੀਬਾਰੀ ਦੀ ਘਟਨਾ ਦੇ ਮਾਸਟਰ ਮਾਈਂਡ ਸਨ। ਪ੍ਰਾਪਤ ਜਾਣਕਾਰੀ ਅਨੁਸਾਰ 19 ਸਤੰਬਰ 2024 ਨੂੰ ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਡੇਰਾਬੱਸੀ ਸਥਿਤ ਆਈਲੈਟਸ/ਇਮੀਗ੍ਰੇਸ਼ਨ ਸੈਂਟਰ ਦੇ ਬਾਹਰ ਮਾਲਕ ਤੋਂ ਫਿਰੌਤੀ ਮੰਗਣ ਦੇ ਸਬੰਧ ਵਿੱਚ ਗੋਲੀਆਂ ਚਲਾ ਦਿੱਤੀਆਂ ਸਨ।
ਡੀਜੀਪੀ ਨੇ ਦੱਸਿਆ ਕਿ ਘਟਨਾ ਵਿੱਚ ਸ਼ਾਮਲ ਬਾਕੀ ਸਾਰੇ ਮੁਲਜ਼ਮ ਜਿਵੇਂ ਜਗਦੀਪ ਜੱਗਾ, ਮੋਹਿਤ ਕੁਮਾਰ ਉਰਫ਼ ਬੰਟੀ, ਅਨਮੋਲ, ਗੁਰਕੀਰਤ ਸਿੰਘ ਬੇਦੀ, ਨਿਸ਼ਾਂਤ ਕੁਮਾਰ ਉਰਫ਼ ਨਿੱਕੂ ਰਾਣਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂਕਿ ਮਹਿਫ਼ੂਜ਼ ਉਰਫ਼ ਵਿਸ਼ਾਲ ਖ਼ਾਨ ਫ਼ਰਾਰ ਹੈ।
ਓਪਰੇਸ਼ਨ ਦੇ ਵੇਰਵੇ ਸਾਂਝੇ ਕਰਦੇ ਹੋਏ, ਏਜੀਟੀਐਫ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਪ੍ਰਮੋਦ ਬਾਨ ਨੇ ਕਿਹਾ ਕਿ ਖੁਫੀਆ ਜਾਣਕਾਰੀ ਦੇ ਆਧਾਰ ‘ਤੇ, ਮੁਲਜ਼ਮ ਵਿਸ਼ਾਲ ਖਾਨ ਦੇ ਲੁਕਣ ਦੇ ਸੰਭਾਵੀ ਟਿਕਾਣਿਆਂ ਅਤੇ ਛੁਪਣਗਾਹਾਂ ਬਾਰੇ ਜਾਣਕਾਰੀ ਮਿਲੀ ਸੀ।
ਏਡੀਜੀਪੀ ਨੇ ਕਿਹਾ ਕਿ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਏਆਈਜੀ ਗੁਰਮੀਤ ਚੌਹਾਨ ਦੀ ਨਿਗਰਾਨੀ ਹੇਠ ਐਸਐਸਪੀ ਐਸਏਐਸ ਨਗਰ ਦੀਪਕ ਪਾਰੀਕ ਦੇ ਤਾਲਮੇਲ ਵਿੱਚ ਏਜੀਟੀਐਫ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ। ਉਨ•ਾਂ ਦੱਸਿਆ ਕਿ ਟੀਮਾਂ ਨੇ ਸੰਭਾਵਿਤ ਲੁਕਵੇਂ ਟਿਕਾਣਿਆਂ/ਛੁਪਣਗਾਹਾਂ ‘ਤੇ ਲਗਾਤਾਰ ਨਿਗਰਾਨੀ ਰੱਖੀ ਅਤੇ ਬਰਵਾਲਾ ਨੇੜੇ ਪੰਜਾਬ-ਹਰਿਆਣਾ ਸਰਹੱਦ ਤੋਂ ਮੁਲਜ਼ਮਾਂ ਨੂੰ ਪਿਸਤੌਲ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਏਆਈਜੀ ਏਜੀਟੀਐਫ ਗੁਰਮੀਤ ਚੌਹਾਨ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਅਤੇ ਉਹ 2023 ਤੋਂ ਵਿਦੇਸ਼ੀ ਅੱਤਵਾਦੀ ਗੋਲਡੀ ਬਰਾੜ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ। ਫੜੇ ਗਏ ਮੁਲਜ਼ਮਾਂ ਕੋਲੋਂ ਹਰਿਆਣਾ ਦੇ ਮਸ਼ਹੂਰ ਗੈਂਗਸਟਰ ਜੋਗਿੰਦਰ ਉਰਫ ਜੋਗਾ ਕੋਲੋਂ ਵੀ ਹਥਿਆਰਾਂ ਦੀ ਖੇਪ ਮਿਲੀ ਸੀ। ਤੁਹਾਨੂੰ ਦੱਸ ਦੇਈਏ ਕਿ ਜੋਗਾ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਹਥਿਆਰ ਅਤੇ ਲੌਜਿਸਟਿਕਸ ਸਹਾਇਤਾ ਪ੍ਰਦਾਨ ਕੀਤੀ ਸੀ ਅਤੇ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ।
ਏਜੀਟੀਐਫ ਨੇ ਕਿਹਾ ਕਿ ਮਨਜੀਤ ਗੁਰੀ ਪਹਿਲਾਂ ਨਵੰਬਰ 2023 ਵਿੱਚ ਪੁਲਿਸ ਕਾਰਵਾਈ ਵਿੱਚ ਜ਼ਖਮੀ ਹੋ ਗਿਆ ਸੀ ਜਦੋਂ ਉਸਨੂੰ ਗੋਲਡੀ ਬਰਾੜ ਨੇ ਜ਼ੀਰਕਪੁਰ ਵਿੱਚ ਕੁਝ ਕਾਰੋਬਾਰੀਆਂ ਨੂੰ ਮਾਰਨ ਲਈ ਕਿਹਾ ਸੀ।
ਐਸਐਸਪੀ ਦੀਪਕ ਪਾਰੀਕ ਨੇ ਅੱਗੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਟਰਾਈਸਿਟੀ ਵਿੱਚ ਕੋਈ ਵਾਰਦਾਤ ਕਰਨ ਦੀ ਯੋਜਨਾ ਬਣਾ ਰਿਹਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀਆਂ ਅਗਲੀਆਂ ਅਤੇ ਪਿਛਲੀਆਂ ਕੜੀਆਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।