ਕੈਨੇਡਾ ਦੀ ਮਸ਼ਹੂਰ ਗਰੋਸਰੀ ਚੇਨ ਲਾਬਲਾਅ ਨੇ ਐਲਾਨ ਕੀਤਾ ਹੈ ਕਿ ਉਹ 2025 ਵਿੱਚ 80 ਨਵੇਂ ਸਟੋਰ ਗਰੋਸਰੀ ਅਤੇ ਫਾਰਮੇਸੀ ਖੋਲ੍ਹੇਗੀ, ਜਿਨ੍ਹਾਂ ਵਿੱਚੋਂ ਲਗਭਗ 50 ਡਿਸਕਾਉਂਟ ਗਰੋਸਰੀ ਸਟੋਰ ਹੋਣਗੇ। ਇਹ ਪ੍ਰੋਜੈਕਟ ਕੰਪਨੀ ਦੇ 5 ਸਾਲਾਂ ਵਿੱਚ 10 ਬਿਲੀਅਨ ਡਾਲਰ ਦੇ ਨਿਵੇਸ਼ ਦਾ ਹਿੱਸਾ ਹੈ, ਜਿਸ ਵਿੱਚ ਸਿਰਫ਼ ਇਸ ਸਾਲ 2.2 ਬਿਲੀਅਨ ਡਾਲਰ ਖਰਚ ਕੀਤੇ ਜਾਣਗੇ। ਇਸ ਯੋਜਨਾ ਵਿੱਚ 300 ਤੋਂ ਵੱਧ ਗਰੋਸਰੀ ਅਤੇ ਫਾਰਮੇਸੀ ਸਟੋਰਾਂ ਨੂੰ ਰੀਨੋਵੇਟ ਕਰਨਾ ਵੀ ਸ਼ਾਮਲ ਹੈ। ਇਸ ਦੇ ਨਾਲ ਹੀ, ਕੰਪਨੀ ਆਪਣੀ ਸਪਲਾਈ ਚੇਨ ਨੂੰ ਮਾਡਰਨਾਇਜ਼ ਕਰਨ ਲਈ ਵੀ ਕੰਮ ਕਰ ਰਹੀ ਹੈ, ਜਿਸ ਵਿੱਚ ਇੱਕ ਨਵਾਂ ਡਿਸਟ੍ਰੀਬਿਊਸ਼ਨ ਸੈਂਟਰ ਵੀ ਸ਼ਾਮਲ ਹੈ, ਜੋ ਕਿ ਆਂਟਾਰੀਓ ਦੇ ਈਸਟ ਗਵਿਲਿਮਬਰੀ ਵਿੱਚ ਬਣਾਇਆ ਜਾ ਰਿਹਾ ਹੈ।
ਕੋਵਿਡ-19 ਮਹਾਮਾਰੀ ਤੋਂ ਬਾਅਦ ਮਹਿੰਗਾਈ ਨੇ ਗਰੋਸਰੀ ਦੀਆਂ ਕੀਮਤਾਂ ਨੂੰ ਵਧਾਇਆ ਹੈ, ਜਿਸ ਕਾਰਨ ਲੋਕਾਂ ਨੇ ਡਿਸਕਾਉਂਟ ਸਟੋਰਾਂ ਜਿਵੇਂ ਕਿ ਨੋ ਫ੍ਰਿਲਜ਼, ਫ੍ਰੈਸ਼ਕੋ, ਅਤੇ ਫੂਡ ਬੇਸਿਕਸ ਵੱਲ ਰੁਝਾਨ ਵਧਾਇਆ ਹੈ। ਲਾਬਲਾਅ ਨੇ 2023 ਵਿੱਚ 31 ਨਵੇਂ ਡਿਸਕਾਉਂਟ ਸਟੋਰ ਖੋਲ੍ਹੇ ਸਨ, ਜਿਨ੍ਹਾਂ ਵਿੱਚ ਨੋ ਫ੍ਰਿਲਜ਼ ਅਤੇ ਕਿਊਬੈਕ-ਅਧਾਰਿਤ ਮੈਕਸੀ ਬੈਨਰ ਸ਼ਾਮਲ ਸਨ। ਲਾਬਲਾਅ ਨੇ ਕਿਹਾ ਹੈ ਕਿ 2020 ਤੋਂ ਹੁਣ ਤੱਕ ਉਸਨੇ ਆਪਣੇ ਸਟੋਰ ਨੈਟਵਰਕ ਨੂੰ ਵਧਾਉਣ ਅਤੇ ਸਪਲਾਈ ਚੇਨ ਨੂੰ ਮਾਡਰਨਾਇਜ਼ ਕਰਨ ਲਈ 8 ਬਿਲੀਅਨ ਡਾਲਰ ਤੋਂ ਵੱਧ ਖਰਚ ਕੀਤੇ ਹਨ। ਇਹ ਨਵਾਂ ਨਿਵੇਸ਼ ਕੈਨੇਡਾ ਭਰ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰੇਗਾ ਅਤੇ ਲੋਕਾਂ ਨੂੰ ਸਸਤੇ ਦਰਾਂ ‘ਤੇ ਗਰੋਸਰੀ ਉਪਲਬਧ ਕਰਵਾਏਗਾ।
