ਗੋਪੀ ਥੋਟਾਕੁਰਾ ਭਾਰਤ ਦੇ ਪਹਿਲੇ ਪੁਲਾੜ ਸੈਲਾਨੀ ਬਣ ਗਏ ਹਨ। ਉਦਯੋਗਪਤੀ ਤੇ ਪਾਇਲਟ ਗੋਪੀ ਨੇ ਐਤਵਾਰ ਨੂੰ ਬਲੂ ਓਰੀਜਿਨ ਦੇ ਨਿੱਜੀ ਪੁਲਾੜ ਯਾਨ ਨਾਲ ਉਡਾਣ ਭਰੀ। ਬਲੂ ਓਰੀਜਿਨ ਅਮੇਜ਼ਨ ਦੇ ਸੰਸਥਾਪਕ ਜੈੱਫ ਬੇਜੋਸ ਦੀ ਕੰਪਨੀ ਹੈ। ਗੋਪੀ ਨੂੰ ਪੰਜ ਹੋਰਨਾਂ ਯਾਤਰੀਆਂ ਨਾਲ ਨਿਊ ਸ਼ੈਪਰਡ-25 ਮਿਸ਼ਨ ਲਈ ਯੁਣਿਆ ਗਿਆ ਸੀ। ਪੁਲਾੜ ਦੀ ਉਡਾਣ ਭਰਨ ਦੇ ਨਾਲ ਹੀ ਉਹ ਪਹਿਲੇ ਭਾਰਤੀ ਪੁਲਾੜ ਸੈਲਾਨੀ ਬਣ ਗਏ ਹਨ ਤੇ ਪੁਲਾੜ ’ਚ ਜਾਣ ਵਾਲੇ ਦੂਜੇ ਭਾਰਤੀ ਬਣ ਗਏ। ਭਾਰਤੀ ਫੌਜ ਦੇ ਵਿੰਗ ਕਮਾਂਡਰ ਰਾਕੇਸ਼ ਸ਼ਰਮਾ 1984 ’ਚ ਪੁਲਾੜ ’ਚ ਗਏ ਸਨ। ਰਾਕੇਸ਼ ਸ਼ਰਮਾ ਪੁਲਾੜ ’ਚ ਜਾਣ ਵਾਲੇ ਪਹਿਲੇ ਭਾਰਤੀ ਹਨ। ਬਲੂ ਓਰੀਜਿਨ ਦੀ ਸੱਤਵੀਂ ਮਨੁੱਖੀ ਉਡਾਣ, ਐੱਨਐੱਸ 25 ਐਤਵਾਰ ਨੂੰ ਸਵੇਰੇ ਵੈਸਟ ਟੈਕਸਾਸ ਤੋਂ ਰਵਾਨਾ ਹੋਈ। ਗੋਪੀ ਨਾਲ ਕਰੂ ਦੇ ਹੋਰਨਾਂ ਪੰਜ ਮੈਂਬਰਾਂ ’ਚ ਮੈਸਨ ਏਂਜਲ, ਸਿਲਵੇਨ ਸ਼ਿਰੋਨ, ਕੇਨੇਥ ਐੱਲ ਹੇਸ, ਕੈਰੋਲ ਸਕਾਲਰ ਤੇ ਅਮਰੀਕੀ ਹਵਾਈ ਫੌਜ ਦੇ ਸਾਬਕਾ ਕੈਪਟਨ ਐਡ ਡਵਾਈਟ ਸ਼ਾਮਲ ਹਨ।