18 ਜਨਵਰੀ 2024: ਸ਼ਹਿਰ ਦੇ ਭੀੜ ਭਰੇ ਸਰਾਫ਼ਾ ਬਾਜ਼ਾਰ ’ਚ ਸਥਿਤ ਗੁਰਦੁਆਰਾ ਛੇਂਵੀ ਪਾਤਸ਼ਾਹੀ ਵਿਖੇ ਬੇਅਦਬੀ ਦੇ ਸ਼ੱਕ ’ਚ ਇਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਗੁਰਦੁਆਰੇ ’ਚ ਮੌਜੂਦ ਸੰਗਤ ਤੇ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਇਹ ਨੌਜਵਾਨ ਗੁਰਦੁਆਰੇ ’ਚ ਬੇਅਦਬੀ ਕਰਨ ਦੀ ਨੀਅਤ ਨਾਲ ਦਾਖ਼ਲ ਹੋਇਆ ਸੀ ਸਮਾਂ ਰਹਿੰਦਿਆਂ ਉਸ ਨੂੰ ਕਾਬੂ ਕਰ ਲਿਆ ਗਿਆ। ਇਸੇ ਦੌਰਾਨ ਗੁਰਦੁਆਰੇ ’ਚ ਰਹਿੰਦੇ ਨਿਹੰਗ ਸਿੰਘ ’ਤੇ ਉਸ ਨੇ ਹਮਲਾ ਕਰ ਦਿੱਤਾ ਜਿਸ ’ਤੇ ਨਿਹੰਗ ਸਿੰਘ ਦੇ ਜਵਾਬੀ ਹਮਲੇ ’ਚ ਨੌਜਵਾਨ ਦੀ ਮੌਤ ਹੋ ਗਈ ਹੈ। ਪੁਲਿਸ ਨੇ ਨਿਹੰਗ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ।ਗੁਰਦੁਆਰਾ ਚੌੜਾ ਖੂਹ ਦੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਤੇ ਮੁੱਢਲੀ ਜਾਂਚ-ਪੜਤਾਲ ਮੁਤਾਬਕ ਉਕਤ ਨੌਜਵਾਨ ਸੋਮਵਾਰ ਰਾਤ ਕਰੀਬ ਸਾਢੇ ਦੱਸ ਗੁਰਦੁਆਰੇ ’ਚ ਦਾਖ਼ਲ ਹੋਇਆ ਸੀ। ਉਹ ਬਾਥਰੂਮ ’ਚ ਲੁਕਿਆ ਰਿਹਾ। ਜਦੋਂ ਕਮੇਟੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਕਿਸੇ ਤਰ੍ਹਾਂ ਉਸ ਨੂੰ ਬਾਹਰ ਕੱਢਿਆ ਤੇ ਇਕ ਕਮਰੇ ’ਚ ਲੈ ਗਏ। ਉੱਥੇ ਉਸ ਤੋਂ ਪੁੱਛਗਿੱਛ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕਮੇਟੀ ਮੈਂਬਰ ਤੇ ਹੋਰ ਸੇਵਾਦਾਰ ਗੁਰਦੁਆਰੇ ’ਚ ਹੀ ਠਹਿਰੇ ਹੋਏ ਨਿਹੰਗ ਸਿੰਘ ਰਮਨਦੀਪ ਸਿੰਘ ਉਰਫ਼ ਮੰਗੂ ਮਠ ਨੂੰ ਇਸ ਨੌਜਵਾਨ ਕੋਲ ਬਿਠਾ ਕੇ ਪੁਲਿਸ ਕੋਲ ਚਲੇ ਗਏ। ਇਸੇ ਦੌਰਾਨ ਨੌਜਵਾਨ ਨੇ ਰਮਨਦੀਪ ਸਿੰਘ ’ਤੇ ਹਮਲਾ ਕਰ ਦਿੱਤਾ। ਰਮਨਦੀਪ ਨੇ ਆਪਣੇ ਬਚਾਅ ’ਚ ਤੇਜ਼ਧਾਰ ਹਥਿਆਰ ਨਾਲ ਉਸ ਨੌਜਵਾਨ ’ਤੇ ਹਮਲਾ ਕੀਤਾ ਜਿਸ ’ਚ ਉਸ ਦੀ ਮੌਤ ਹੋ ਗਈ।ਏਡੀਜੀਪੀ ਗੁਰਿੰਦਲ ਸਿੰਘ ਢਿੱਲੋਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਿ ਪੁਲਿਸ ਨੇ ਗੁਰਦੁਆਰੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ’ਚ ਲੈ ਲਈ ਹੈ। ਏਡੀਜੀਪੀ ਨੇ ਦੱਸਿਆ ਕਿ ਮਾਰੇ ਗਏ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ। ਉਸ ਕੋਲੋਂ ਮੋਬਾਈਲ ਫੋਨ ਤੇ ਕੁਝ ਨੰਬਰ ਮਿਲੇ ਹਨ। ਪੁਲਿਸ ਇਨ੍ਹਾਂ ਨੰਬਰਾਂ ਰਾਹੀਂ ਉਸ ਦੀ ਪਛਾਣ ਕਰਨ ਦਾ ਯਤਨ ਕਰ ਰਹੀ ਹੈ।ਹਾਲਾਂਕਿ ਹੱਤਿਆ ਤੋਂ ਪਹਿਲਾਂ ਨੌਜਵਾਨ ਵੱਲੋਂ ਬਣਾਈ ਵੀਡੀਓ ’ਚ ਉਹ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੀ ਮਿਲੀ-ਜੁਲੀ ਭਾਸ਼ਾ ਬੋਲਦਾ ਦਿਸਦਾ ਹੈ। ਪੁਲਿਸ ਨੇ ਲਾਸ਼ ਸਿਵਲ ਹਸਪਤਾਲ ਜਲੰਧਰ ਦੀ ਮੋਰਚਰੀ ’ਚ ਰਖਵਾ ਦਿੱਤੀ ਹੈ। ਪਛਾਣ ਹੋਣ ਤੋਂ ਬਾਅਦ ਮੈਡੀਕਲ ਬੋਰਡ ਲਾਸ਼ ਦਾ ਪੋਸਟਮਾਰਟਮ ਕਰੇਗਾ। ਉਨ੍ਹਾਂ ਦੱਸਿਆ ਕਿ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਸ਼ਿਕਾਇਤ ’ਤੇ ਮ੍ਰਿਤਕ ਖ਼ਿਲਾਫ਼ ਵੀ ਬੇਅਦਬੀ ਦਾ ਕੇਸ ਦਰਜ ਕੀਤਾ ਗਿਆ ਹੈ।ਏਡੀਜੀਪੀ ਨੇ ਕਿਹਾ ਕਿ ਹੱਤਿਆ ਤੋਂ ਪਹਿਲਾਂ ਦੀ ਇਕ ਵੀਡੀਓ ਮਿਲੀ ਹੈ ਜਿਸ ’ਚ ਨਿਹੰਗ ਸਿੰਘ, ਨੌਜਵਾਨ ਦੀ ਲਾਸ਼ ਨੇੜੇ ਖੜ੍ਹਾ ਹੋ ਕੇ ਕਹਿ ਰਿਹਾ ਹੈ ਕਿ ਇਹ ਬੇਅਦਬੀ ਕਰਨ ਆਇਆ ਸੀ ਤੇ ਮੈਂ ਇਸ ਨੂੰ ਮਾਰ ਦਿੱਤਾ। ਫਿਲਹਾਲ ਨਿਹੰਗ ਸਿੰਘ ਰਮਨਦੀਪ ਸਿੰਘ ਖ਼ਿਲਾਫ਼ ਗ਼ੈਰ ਇਰਾਦਤਨ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਹੈ। ਜੇ ਜਾਂਚ ’ਚ ਪਾਇਆ ਗਿਆ ਕਿ ਨੌਜਵਾਨ ਦੀ ਹੱਤਿਆ ਕੀਤੀ ਗਈ ਹੈ ਤਾਂ ਕੇਸ ’ਚ ਹੱਤਿਆ ਦੀ ਧਾਰਾ ਜ਼ਰੂਰ ਜੋੜੇਗੀ।