18 ਜਨਵਰੀ 2024: ਸਿੱਖ ਫਾਰ ਜਸਟਿਸ ਦੇ ਗਰਮਖਿਆਲੀ ਗੁਰਪਤ-ਵੰਤ ਸਿੰਘ ਪੰਨੂ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇੰਨਾ ਹੀ ਨਹੀਂ ਪੰਨੂੰ ਇੱਕ ਨਵੀਂ ਵੀਡੀਓ ਜਾਰੀ ਕਰਕੇ ਪੰਜਾਬ ਦੇ ਗੈਂਗਸਟਰਾਂ ਨੂੰ ਉਨ੍ਹਾਂ ਨਾਲ ਸੰਪਰਕ ਕਰਨ ਲਈ ਕਹਿ ਰਿਹਾ ਹੈ। ਤੇ ਨਾਲ ਹੀ ਪੰਨੂੰ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਮਾਹੌਲ ਖ਼ਰਾਬ ਕਰਨ ਦੀ ਧਮਕੀ ਵੀ ਦਿੱਤੀ ਹੈ। ਆਪਣੀ ਨਵੀਂ ਵੀਡਿਓ ਵਿੱਚ ਪੰਨੂ ਨੇ ਸੀਐਮ ਮਾਨ ਨੂੰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੱਸਿਆ ਹੈ ਅਤੇ ਡੀਜੀਪੀ ਗੌਰਵ ਯਾਦਵ ਨੂੰ ਸਾਬਕਾ ਡੀਜੀਪੀ ਗੋਬਿੰਦ ਰਾਮ ਵਜੋਂ ਦੱਸਿਆ ਹੈ। ਪੰਨੂ ਨੇ ਸੀਐਮ ਮਾਨ ਨੂੰ ਵੀ ਧਮਕੀ ਦਿੱਤੀ ਹੈ। ਜਿੱਥੇ ਵੀ ਸੀਐਮ ਭਗਵੰਤ ਮਾਨ ਤਿਰੰਗਾ ਲਹਿਰਾਉਂਦੇ ਹਨ, ਪੰਨੂ ਉੱਥੇ ਮਾਹੌਲ ਖ਼ਰਾਬ ਕਰਨ ਦੀ ਤਿਆਰੀ ਕਰ ਰਿਹਾ ਹੈ। ਪੰਨੂ ਨੇ ਆਪਣੇ ਸ਼ਬਦਾਂ ਵਿਚ ਕਿਹਾ ਹੈ ਕਿ ਸੀ.ਐਮ.ਨੂੰ ਅਜਿਹਾ ਕਰਨ ਦੀ ਸਜ਼ਾ ਮਿਲੇਗੀ। ਇਸ ਦੇ ਨਾਲ ਹੀ ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਐਨਕਾਊਂਟਰ ਦੀ ਆੜ ਵਿੱਚ ਪੰਜਾਬ ਦੇ ਨੌਜਵਾਨਾਂ ਦਾ ਕਤਲੇਆਮ ਨਾ ਕੀਤਾ ਜਾਵੇ। ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਬੋਲਦਿਆਂ ਕਿਹਾ ਕਿ ਪੰਨੂ ਅਤੇ ਉਸ ਦੀ ਸੰਸਥਾ ਨੇ ਪਹਿਲਾਂ ਵੀ ਧਮਕੀਆਂ ਦਿੱਤੀਆਂ ਹਨ ਅਤੇ ਰਾਜ ਦੇ ਸਾਰੇ ਵੀਆਈਪੀਜ਼ ਲਈ “ਕੜੀ ਸੁਰੱਖਿਆ” ਨੂੰ ਯਕੀਨੀ ਬਣਾਉਣ ਲਈ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵਰਤੀਆਂ ਗਈਆਂ ਹਨ।
