ਪੰਜਾਬ ਦੇ ਮਾਨਸਾ ਵਿੱਚ ਮੰਗਲਵਾਰ ਨੂੰ ਸਕੂਲੀ ਬੱਚਿਆਂ ਨਾਲ ਭਰੀ ਇੱਕ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਸੜਕ ਹਾਦਸੇ ਵਿੱਚ ਕਈ ਬੱਚੇ ਜ਼ਖਮੀ ਹੋ ਗਏ ਹਨ। ਇਹ ਹਾਦਸਾ ਮਾਨਸਾ ਦੇ ਬੁਢਲਾਡਾ ਸਥਿਤ ਜਾਖਲ-ਬਰੇਟਾ ਰੋਡ ‘ਤੇ ਪੁਲ ਨੇੜੇ ਵਾਪਰਿਆ। ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਨੇ ਸਕੂਲ ਵੈਨ ਨੂੰ ਟੱਕਰ ਮਾਰ ਦਿੱਤੀ। ਵੈਨ ਵਿੱਚ ਸਵਾਰ ਕਰੀਬ ਛੇ ਤੋਂ ਸੱਤ ਬੱਚੇ, ਡਰਾਈਵਰ ਅਤੇ ਇੱਕ ਮਹਿਲਾ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਹਾਦਸੇ ਦੌਰਾਨ ਰੌਲਾ ਪੈ ਗਿਆ। ਬੱਚੇ ਡਰ ਗਏ ਅਤੇ ਰੋਣ ਲੱਗੇ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਪਹੁੰਚਾਇਆ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਡੀਐਸਪੀ ਬੁਢਲਾਡਾ ਗਮਦੂਰ ਸਿੰਘ ਚਾਹਲ ਅਤੇ ਐਸਐਚਓ ਸਿਟੀ ਸੁਖਜੀਤ ਸਿੰਘ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ।