ਪਾਕਿਸਤਾਨ ਦੇ ਸਾਬਕਾ ISI ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਮੀਦ, ਜੋ ਕਦੇ ਪਾਕਿਸਤਾਨ ਦੇ ਉੱਚ ਫੌਜੀ ਅਹੁਦੇ ਲਈ ਮਜ਼ਬੂਤ ਉਮੀਦਵਾਰ ਮੰਨੇ ਜਾਂਦੇ ਸੀ, ਨੂੰ ਹੁਣ ਫੌਜੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਫੈਜ਼ ਹਮੀਦ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿੱਚ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ISI) ਏਜੰਸੀ ਦੇ ਮੁਖੀ ਵਜੋਂ ਆਪਣੇ ਕਾਰਜਕਾਲ ਦੌਰਾਨ ਇੱਕ ਨਿੱਜੀ ਜਾਇਦਾਦ ਵਿਕਾਸ ਕਾਰੋਬਾਰ ‘ਤੇ ਛਾਪੇਮਾਰੀ ਕਰਨ ਦੇ ਦੋਸ਼ ਸ਼ਾਮਲ ਹਨ। ਦੱਸਦਈਏ ਕਿ ਸੁਪਰੀਮ ਕੋਰਟ ਵਲੋਂ ਦਿੱਤੇ ਗ੍ਰਿਫਤਾਰੀ ਦੇ ਹੁਕਮ ਤੋਂ ਬਾਅਦ ਇੱਕ ਫੀਲਡ ਜਨਰਲ ਕੋਰਟ ਮਾਰਸ਼ਲ ਦੀ ਸ਼ੁਰੂਆਤ ਕਰਨ ਲਈ ਅਗਵਾਈ ਕੀਤੀ ਹੈ, ਜੋ ਕਿ ਪਾਕਿਸਤਾਨ ਵਿੱਚ ਜਨਰਲ ਹਮੀਦ ਦੇ ਰੈਂਕ ਦੇ ਕਿਸੇ ਵਿਅਕਤੀ ਲਈ ਇੱਕ ਦੁਰਲੱਭ ਘਟਨਾ ਹੈ। ਇਸ ਦੇ ਨਾਲ-ਨਾਲ ਫੌਜ ਨੇ ਦਸੰਬਰ 2022 ਵਿੱਚ ਆਪਣੀ ਸੇਵਾਮੁਕਤੀ ਤੋਂ ਬਾਅਦ ਪਾਕਿਸਤਾਨ ਆਰਮੀ ਐਕਟ ਦੀਆਂ ਕਈ ਉਲੰਘਣਾਵਾਂ ਦਾ ਹਵਾਲਾ ਵੀ ਦਿੱਤਾ ਹੈ। 2019 ਤੋਂ 2021 ਤੱਕ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਾਸ਼ਨ ਦੌਰਾਨ ਜਨਰਲ ਹਮੀਦ ਦੇ ਖਾਨ ਨਾਲ ਨਜ਼ਦੀਕੀ ਸਬੰਧਾਂ ਨੇ ਇਸ ਗ੍ਰਿਫਤਾਰੀ ਨੂੰ ਲੈ ਕੇ ਕਿਆਸ ਅਰਾਈਆਂ ਵਧਾ ਦਿੱਤੀਆਂ ਹਨ। ਜਿਸ ਦੇ ਚਲਦੇ ਕੁਝ ਵਿਰੋਧੀ ਆਗੂਆਂ ਨੇ ਪਹਿਲਾਂ ਹਮੀਦ ‘ਤੇ ਇਮਰਾਨ ਖਾਨ ਨੂੰ ਸੱਤਾ ‘ਚ ਲਿਆਉਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਦੋਸ਼ ਲਗਾਇਆ ਹੈ। ਹਾਲਾਂਕਿ, ਖਾਨ ਦੀ ਅਗਵਾਈ ਵਾਲੀ ਪੀਟੀਆਈ ਪਾਰਟੀ ਨੇ ਗ੍ਰਿਫਤਾਰੀ ਅਤੇ ਉਨ੍ਹਾਂ ਦੇ ਲੀਡਰ ਵਿਚਕਾਰ ਕਿਸੇ ਵੀ ਸਬੰਧ ਨੂੰ ਨਕਾਰਦਿਆਂ ਇਸ ਨੂੰ ਅੰਦਰੂਨੀ ਫੌਜੀ ਮਾਮਲਾ ਦੱਸਿਆ ਹੈ। ਦੂਜੇ ਪਾਸੇ, ਸਰਕਾਰ ਨੇ ਗ੍ਰਿਫਤਾਰੀ ਦਾ ਸੁਆਗਤ ਕੀਤਾ ਹੈ, ਜੋ ਪਾਕਿਸਤਾਨ ਦੀ ਚੱਲ ਰਹੀ ਸਿਆਸੀ ਅਤੇ ਫੌਜੀ ਗਤੀਸ਼ੀਲਤਾ ਵਿੱਚ ਇੱਕ ਮਹੱਤਵਪੂਰਨ ਵਿਕਾਸ ਦਰਸਾਉਂਦਾ ਹੈ।