ਪਟਿਆਲਾ ‘ਚ 20 ਸਾਲਾ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਉਸ ਦੇ ਦੋਸਤਾਂ ਨੇ ਉਸ ਨੂੰ ਜ਼ਬਰਦਸਤੀ ਨਸ਼ੀਲਾ ਟੀਕਾ ਲਗਾਇਆ। ਮ੍ਰਿਤਕ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ ‘ਤੇ ਥਾਣਾ ਅਨਾਜ ਮੰਡੀ ਦੀ ਪੁਲਸ ਨੇ ਦੋਵੇਂ ਮੁਲਜ਼ਮ ਦੋਸਤਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਫਿਲਹਾਲ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਦੋਸਤਾਂ ਨੇ ਇਹ ਵਾਰਦਾਤ ਕਿਉਂ ਕੀਤੀ। ਮ੍ਰਿਤਕ ਦੀ ਪਛਾਣ ਅਰਸ਼ ਕੁਮਾਰ ਵਾਸੀ ਏਕਤਾ ਨਗਰ, ਪਟਿਆਲਾ ਵਜੋਂ ਹੋਈ ਹੈ। ਮੁਲਜ਼ਮਾਂ ਵਿੱਚ ਵਰੁਣ ਵਾਸੀ ਏਕਤਾ ਨਗਰ-ਬੀ ਪਟਿਆਲਾ ਅਤੇ ਅੰਕੁਰ ਵਾਸੀ ਰਣਜੀਤ ਨਗਰ ਨੇੜੇ ਆੜ੍ਹਤੀ ਵਾਲੀ ਗਲੀ ਪਟਿਆਲਾ ਸ਼ਾਮਲ ਹਨ।