ਨੋਰਥ ਵੈਸਟ ਕੈਲਗਰੀ ਮੋਟਲ ਵਿੱਚ ਹੋਈ ਗੋਲੀਬਾਰੀ, ਗੰਭੀਰ ਹਾਲਤ ਵਿੱਚ ਵਿਅਕਤੀ।ਲੰਘੇ ਬੁੱਧਵਾਰ ਤੜਕੇ ਨੋਰਥ ਵੈਸਟ ਕੈਲਗਰੀ ਵਿੱਚ ਓਲੰਪੀਆ ਲੌਜ ਮੋਟਲ ਵਿੱਚ ਗੋਲੀਬਾਰੀ ਦੀ ਰਿਪੋਰਟ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਸ ਘਟਨਾ ਵਿੱਚ ਇੱਕ ਵਿਅਕਤੀ ਜਾਨਲੇਵਾ ਸੱਟਾਂ ਦੇ ਨਾਲ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਹੈ। ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਘਟਨਾ ਤੜਕੇ 4 ਵਜੇ ਦੇ ਕਰੀਬ ਵਾਪਰੀ ਜਿਥੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਤੁਰੰਤ ਕਾਰਵਾਈ ਕੀਤੀ। ਅਧਿਕਾਰੀਆਂ ਨੇ ਘਟਨਾ ਵਾਲੇ ਨੇੜਲੇ ਕਮਰੇ ਵਿੱਚੋਂ ਦੋ ਆਦਮੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਜਿਨ੍ਹਾਂ ਤੇ ਜਲਦ ਕਾਰਵਾਈ ਕਰਦੇ ਹੋਏ ਦੋਸ਼ ਲਗਾਏ ਜਾ ਸਕਦੇ ਹਨ। ਇਸ ਮਾਮਲੇ ਵਿੱਚ ਕੈਲਗਰੀ ਪੁਲਿਸ ਟੈਕਟੀਕਲ ਅਤੇ K9 ਟੀਮਾਂ ਮੋਟਲ ਵਿਖੇ ਜਾਂਚ ਕਰ ਰਹੀਆਂ ਹਨ। ਜਾਣਕਾਰੀ ਅਨੁਸਾਰ ਜਦੋਂ ਇਹ ਘਟਨਾ ਵਾਪਰੀ ਉਦੋਂ ਮੋਟਲ ਵਿੱਚ ਠਹਿਰੇ ਲੋਕਾਂ ਨੂੰ ਥੋੜ੍ਹੇ ਸਮੇਂ ਲਈ ਬਾਹਰ ਕੱਢ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਉਨ੍ਹਾਂ ਨੂੰ ਆਪਣੇ ਕਮਰਿਆਂ ਵਿੱਚ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਇਸ ਗੋਲੀਬਾਰੀ ਨੂੰ ਲੈ ਕੇ ਪੁਲਿਸ ਦਾ ਮੰਨਣਾ ਹੈ ਕਿ ਇਹ ਇੱਕ ਟਾਰਗੇਟੇਡ ਘਟਨਾ ਸੀ ਜਿਸ ਨਾਲ ਆਮ ਜਨਤਾ ਨੂੰ ਕੋਈ ਖਤਰਾ ਨਹੀਂ ਹੈ।
