ਨਵਾਂ ਸਕੋਸ਼ਾ ਵਿਚ 2 ਦਿਨ ਬਾਅਦ ਹੋਣ ਵਾਲੀਆਂ ਚੋਣਾਂ ਲਈ ਸਰਵੇ ਇਸ਼ਾਰਾ ਕਰ ਰਹੇ ਹਨ ਕਿ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੁਬਾਰਾ ਜਿੱਤਣ ਲਈ ਸੁਰੱਖਿਅਤ ਹੈ। ਦੱਸਦਈਏ ਕੇ ਪਾਰਟੀ ਦੇ ਲੀਡਰ ਆਗੂ ਟਿਮ ਹਿਊਸਟਨ ਨੇ ਅਕਤੂਬਰ 27 ਨੂੰ ਜਲਦੀ ਚੋਣਾਂ ਦਾ ਐਲਾਨ ਕੀਤਾ, ਜੋ ਸਾਫ ਤੌਰ ‘ਤੇ ਉਨ੍ਹਾਂ ਦੀ ਪਾਰਟੀ ਲਈ ਫਾਇਦੇਮੰਦ ਸਾਬਤ ਹੋ ਰਹੀਆਂ ਹਨ। ਸਰਵੇਖਣ ਮੁਤਾਬਕ ਟੋਰੀਸ ਨੂੰ 44 ਫੀਸਦੀ ਸਮਰਥਨ ਪ੍ਰਾਪਤ ਹੈ, ਜਦਕਿ ਐਨ.ਡੀ.ਪੀ. 28 ਫੀਸਦੀ ਨਾਲ ਦੂਜੇ ਤੇ ਅਤੇ ਲਿਬਰਲ 24 ਫੀਸਦੀ ਨਾਲ ਤੀਜੇ ਸਥਾਨ ‘ਤੇ ਹਨ। ਚੋਣ ਪ੍ਰਚਾਰ ਦੌਰਾਨ ਮਹਿੰਗਾਈ, ਰਿਹਾਇਸ਼ ਦੀ ਕਮੀ ਅਤੇ ਸਿਹਤ ਸੇਵਾਵਾਂ ਦੇ ਮਸਲੇ ਸਾਹਮਣੇ ਰਹੇ, ਪਰ ਕੋਈ ਇਕੋ ਵਿਸ਼ਾ ਹਾਵੀ ਨਹੀਂ ਰਿਹਾ। ਹਾਲਾਂਕਿ ਹਿਊਸਟਨ ਦੀ ਕੰਜ਼ਰਵੇਟਿਵ ਪਾਰਟੀ ਨੇ ਪਿਛਲੀ ਵਾਰ ਦੇ ਤਜਰਬੇ ਦੀ ਤਰ੍ਹਾਂ, ਮੁੱਖ ਮੁੱਦੇ ਵਜੋਂ ਸਿਹਤ ਸੇਵਾਵਾਂ ਨੂੰ ਮਜਬੂਤੀ ਨਾਲ ਪੇਸ਼ ਕੀਤਾ। ਐਨ.ਡੀ.ਪੀ. ਆਗੂ ਕਲੌਡੀਆ ਚੇਂਡਰ ਨੇ ਆਪਣੀ ਮਜ਼ਬੂਤ ਭੂਮਿਕਾ ਅਤੇ ਪ੍ਰਚਾਰ ਨਾਲ ਆਪਣਾ ਪ੍ਰੋਫਾਈਲ ਵਧਾਇਆ ਹੈ, ਜਦਕਿ ਲਿਬਰਲ ਆਗੂ ਜ਼ੈਕ ਚਰਚਿੱਲ ਨੇ ਵੋਟਰਾਂ ਨੂੰ ਸਮੇਂ ‘ਤੇ ਮੋਟਿਵੇਟ ਕਰਨਾ ਮਹੱਤਵਪੂਰਨ ਦੱਸਿਆ। ਮਾਹਰਾਂ ਦੇ ਅਨੁਸਾਰ, ਹੈਲੀਫੈਕਸ ਤੋਂ ਬਾਹਰ ਦੇ ਇਲਾਕਿਆਂ ਵਿਚ ਟੋਰੀਸ ਮਜ਼ਬੂਤ ਜਿੱਤ ਦਰਜ ਕਰਨਗੀਆਂ। ਦੂਜੇ ਪੱਖ, ਹੈਲੀਫੈਕਸ ਖੇਤਰ ਵਿੱਚ ਐਨ.ਡੀ.ਪੀ. ਅਤੇ ਲਿਬਰਲ ਵਿਚ ਟੱਕਰ ਜ਼ਿਆਦਾ ਹੋਵੇਗੀ। ਉਥੇ ਹੀ ਵੋਟਿੰਗ ਟਰਨਆਉਟ ਘੱਟ ਹੋਣ ਦੀ ਸੰਭਾਵਨਾ ਦਰਸਾਈ ਜਾ ਰਹੀ ਹੈ, ਜਿਸ ਨਾਲ ਨਤੀਜਾ ਉਨ੍ਹਾਂ ਦੇ ਹੱਕ ਵਿਚ ਜਾ ਸਕਦਾ ਹੈ ਜਿਨ੍ਹਾਂ ਦੇ ਜ਼ਮੀਨੀ ਪੱਧਰ ‘ਤੇ ਮਜਬੂਤ ਪ੍ਰਬੰਧ ਹਨ।
