ਆਰਸੀਐਮਪੀ ਨੇ ਦੋ ਟੋਰਾਂਟੋ ਵਾਸੀਆਂ ‘ਤੇ ਕੈਨੇਡਾ ਵਿੱਚ ਲਗਭਗ 600 ਨਾਗਰਿਕਾਂ ਨਾਲ ਕਰੋੜਾਂ ਡਾਲਰ ਦੀ ਧੋਖਾਧੜੀ ਕਰਨ ਦੇ ਆਰੋਪਾਂ ਲਈ ਕਈ ਚਾਰਜ ਲਗਾਏ ਹਨ। ਪੁਲਿਸ ਅਨੁਸਾਰ, ਇਹ ਦੋਵੇਂ “iSpoof.cc” ਨਾਮਕ ਵੈਬਸਾਈਟ ਦੀ ਮਦਦ ਨਾਲ ਆਪਣੇ ਫੋਨ ਨੰਬਰ ਨੂੰ ਲੁਕਾਉਂਦੇ ਸੀ ਅਤੇ ਬੈਂਕਾਂ, ਸਰਕਾਰੀ ਏਜੰਸੀਆਂ ਅਤੇ ਪੁਲਿਸ ਵਿਭਾਗਾਂ ਵਰਗੇ ਭਰੋਸੇਮੰਦ ਸੰਸਥਾਵਾਂ ਦੀ ਨਕਲ ਕਰਕੇ ਲੋਕਾਂ ਨੂੰ ਧੋਖਾ ਦਿੰਦੇ ਸੀ। ਆਰਸੀਐਮਪੀ ਦੇ ਸਾਈਬਰ ਕ੍ਰਾਈਮ ਯੂਨਿਟ ਨੇ 19 ਫਰਵਰੀ ਨੂੰ ਟੋਰਾਂਟੋ ਦੇ ਇੱਕ ਘਰ ਦੀ ਤਲਾਸ਼ੀ ਕਰਕੇ ਕਈ ਇਲੈਕਟ੍ਰਾਨਿਕ ਡਿਵਾਈਸਾਂ ਜ਼ਬਤ ਕੀਤੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਜੋੜਾ ਸਪੂਫਿੰਗ, ਫਿਸ਼ਿੰਗ ਅਤੇ ਸਮਿਸ਼ਿੰਗ ਜੈਸੀਆਂ ਤਕਨੀਕਾਂ ਦੀ ਵਰਤੋਂ ਕਰਕੇ ਘੱਟੋ-ਘੱਟ 570 ਪੀੜਤਾਂ ਨੂੰ ਨਿਸ਼ਾਨਾ ਬਣਾ ਚੁੱਕਾ ਹੈ, ਪਰ ਜਾਂਚ ਜਾਰੀ ਹੋਣ ਕਾਰਨ ਇਹ ਗਿਣਤੀ ਵਧ ਸਕਦੀ ਹੈ।
29 ਸਾਲਾ ਚਕੀਬ ਮਨਸੂਰੀ ਅਤੇ 31 ਸਾਲਾ ਮਜਦੂਲੀਨ ਅਲੌਆਹ ‘ਤੇ ਕਈ ਚਾਰਜ ਲਗਾਏ ਗਏ ਹਨ। ਕੈਨੇਡੀਅਨ ਐਂਟੀ-ਫਰਾਡ ਸੈਂਟਰ ਦੇ ਅਨੁਸਾਰ, ਪਿਛਲੇ ਸਾਲ ਕੈਨੇਡਾ ਵਿੱਚ ਧੋਖਾਧੜੀ ਕਾਰਨ 638 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹ ਗਿਣਤੀ ਅਸਲ ਵਿੱਚ ਇਸ ਤੋਂ ਵੀ ਜ਼ਿਆਦਾ ਹੋ ਸਕਦੀ ਹੈ, ਕਿਉਂਕਿ ਬਹੁਤ ਸਾਰੇ ਮਾਮਲੇ ਰਿਪੋਰਟ ਨਹੀਂ ਕੀਤੇ ਜਾਂਦੇ। ਦੋਵੇਂ ਸ਼ੱਕੀ 21 ਫਰਵਰੀ ਨੂੰ ਅੱਜ ਕੋਰਟ ਵਿੱਚ ਪੇਸ਼ ਹੋਣਗੇ। ਪੁਲਿਸ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਣਜਾਣ ਫੋਨ ਕਾਲਾਂ ‘ਤੇ ਸਾਵਧਾਨ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਨੂੰ ਰਿਪੋਰਟ ਕਰਨ।