ਟੇਲਰ ਸਵਿਫਟ ਦੇ ਟੋਰਾਂਟੋ ਵਿੱਚ ਹੋਏ ਕਨਸਰਟ ਲਈ ਫੇਕ ਟਿਕਟਾਂ ਦੇ ਘੋਟਾਲੇ ਵਿੱਚ ਓਨਟਾਰੀਓ ਦੀ ਇੱਕ ਮਹਿਲਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਮਹਿਲਾ ਨੇ “ਡੈਨੀਸ ਬਲੈਕਹਾਕ” ਨਾਂਅ ਦੇ ਈਲੀਅਸ ਦੇ ਨਾਲ ਫੇਸਬੁੱਕ ਮਾਰਕਿਟਪਲੇਸ ‘ਤੇ ਟਿਕਟਾਂ ਵੇਚਣ ਦੀ ਪੇਸ਼ਕਸ਼ ਕੀਤੀ। ਜ਼ਿਕਰਯੋਗ ਹੈ ਕਿ ਇਸ ਸਕੈਮ ਤੋਂ ਪੀੜਤ ਲੋਕਾਂ ਨੇ ਟਿਕਟਾਂ ਲਈ ਪੂਰੀ ਰਕਮ ਈ-ਟ੍ਰਾਂਸਫਰ ਕੀਤੀ, ਪਰ ਕਨਸਰਟ ਦੇ ਦਿਨ ਉਹਨਾਂ ਨੂੰ ਟਿਕਟਾਂ ਨਹੀਂ ਮਿਲੀਆਂ। ਪੁਲਿਸ ਮੁਤਾਬਕ, ਇਹ ਧੋਖਾਧੜੀ ਆਗਸਤ 2023 ਵਿੱਚ ਸ਼ੁਰੂ ਹੋਈ, ਜਦੋਂ ਲੋਕਾਂ ਨੇ ਟਿਕਟਾਂ ਖਰੀਦੀਆਂ। ਕੁੱਲ 28 ਪੀੜਤਾਂ ਨੇ ਇਸ ਸਕੈਮ ਵਿੱਚ ਲਗਭਗ $70,000 ਦੀ ਰਕਮ ਗਵਾਈ। ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਔਰਤ ਨੇ ਪੀੜਤਾਂ ਨੂੰ ਕਿਹਾ ਸੀ ਕਿ ਟਿਕਟਾਂ ਕਨਸਰਟ ਤੋਂ ਕੁਝ ਦਿਨ ਪਹਿਲਾਂ ਹੀ ਭੇਜੀਆਂ ਜਾਣਗੀਆਂ, ਪਰ ਜਦੋਂ ਲੋਕਾਂ ਨੇ ਪੈਸੇ ਵਾਪਸ ਮੰਗੇ ਤਾਂ ਉਸ ਨੇ ਕਿਹਾ ਕਿ ਰਕਮ ਖਤਮ ਹੋ ਗਈ। ਬਰਲਿੰਗਟਨ ਦੀ ਰਹਿਣ ਵਾਲੀ ਡੀਨੀਸ ਟਾਈਸਰ ਨੂੰ ਗ੍ਰਿਫ਼ਤਾਰ ਕਰਕੇ 32 ਧੋਖਾਧੜੀ ਦੇ ਦੋਸ਼ ਅਤੇ ਜਾਇਦਾਦ ਦੀ ਹੇਰਾਫੇਰੀ ਦੇ ਦੋਸ਼ ਲਗਾਏ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਇਸ ਸਕੈਮ ਦੇ ਹੋਰ ਪੀੜਤ ਵੀ ਹੋ ਸਕਦੇ ਹਨ ਅਤੇ ਉਹਨਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।
