ਟਰੂਡੋ ਨੇ ਇਜ਼ਰਾਈਲ ‘ਤੇ ਈਰਾਨ ਦੇ ਮਿਜ਼ਾਈਲ ਹਮਲੇ ਦੀ ਕੀਤੀ ਨਿੰਦਾ, ਸ਼ਾਂਤੀ ਦੀ ਕੀਤੀ ਅਪੀਲ।ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਜ਼ਰਾਈਲ ‘ਤੇ ਈਰਾਨ ਦੇ ਮਿਜ਼ਾਈਲ ਹਮਲੇ ਦੀ ਸਖ਼ਤ ਨਿੰਦਾ ਕਰਦੇ ਹੋਏ ਇਸ ਨੂੰ ਖਤਰਨਾਕ ਕਦਮ ਦੱਸਿਆ ਅਤੇ ਨਾਲ ਹੀ ਕਿਹਾ ਕਿ ਇਸ ਕਦਮ ਨਾਲ ਵੱਡੀ ਜੰਗ ਹੋਣ ਦਾ ਖਤਰਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਗਰਿਕਾਂ ਨੂੰ ਖਤਰੇ ਵਿੱਚ ਪਾਉਂਦੀਆਂ ਹਨ ਅਤੇ ਮੱਧ ਪੂਰਬ ਵਿੱਚ ਸਥਿਤੀ ਨੂੰ ਹੋਰ ਵਿਗਾੜ ਰਹੀਆਂ ਹਨ। ਆਪਣੇ ਇਸ ਬਿਆਨ ਵਿੱਚ ਟਰੂਡੋ ਨੇ ਇਜ਼ਰਾਈਲ ਦੇ ਆਪਣੇ ਬਚਾਅ ਦੇ ਅਧਿਕਾਰ ਲਈ ਕੈਨੇਡਾ ਦੇ ਸਮਰਥਨ ਦੀ ਪੁਸ਼ਟੀ ਕੀਤੀ। ਪਰ ਨਾਲ ਹੀ ਉਨ੍ਹਾਂ ਨੇ ਇਸ ਲੜਾਈ ਨੂੰ ਫੈਲਣ ਤੋਂ ਰੋਕਣ ਦੀ ਲੋੜ ‘ਤੇ ਜ਼ੋਰ ਦਿੱਤਾ। ਦੱਸਦਈਏ ਕਿ G7 ਲੀਡਰਾਂ ਨਾਲ ਮੁਲਾਕਾਤ ਦੌਰਾਨ, ਟਰੂਡੋ ਨੇ ਨਾਗਰਿਕਾਂ ਦੀ ਸੁਰੱਖਿਆ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਮਾਨਵਤਾਵਾਦੀ ਸਹਾਇਤਾ ਪਹੁੰਚਾਉਣ ਲਈ ਯਤਨ ਕਰਨ ਦਾ ਸੱਦਾ ਦਿੱਤਾ। ਉਥੇ ਹੀ ਤਣਾਅ ਦੀ ਵਧਦੀ ਸਥਿਤੀ ਨੂੰ ਦੇਖਦੇ ਹੋਏ ਕੈਨੇਡੀਅਨ ਸਰਕਾਰ ਵੀ ਆਪਣੇ ਨਾਗਰਿਕਾਂ ਨੂੰ ਲੇਬਨਾਨ ਛੱਡਣ ਵਿੱਚ ਮਦਦ ਕਰ ਰਹੀ ਹੈ। ਇਸ ਦੌਰਾਨ ਵਿਦੇਸ਼ ਮਾਮਲਿਆਂ ਦੀ ਮੰਤਰੀ ਮਲਾਨੀ ਜੌਲੀ ਨੇ ਕੈਨੇਡੀਅਨਾਂ ਨੂੰ ਇਵੈਕੁਏਸ਼ਨ ਉਡਾਣਾਂ ਲੈਣ ਦੀ ਅਪੀਲ ਕੀਤੀ। ਜਿਨ੍ਹਾਂ ਵਿੱਚ 300 ਤੋਂ ਵੱਧ ਲੋਕਾਂ ਨੂੰ ਪਹਿਲਾਂ ਹੀ ਸੁਰੱਖਿਆ ਲਈ ਇਲਾਕੇ ਤੋਂ ਬਾਹਰ ਕੱਢਿਆ ਜਾ ਚੁੱਕਿਆ ਹੈ।
