ਕੰਜ਼ਰਵੇਟਿਵ MP’s ਨੇ ISIS ਦੇ ਸ਼ੱਕੀ ਦੇ ਕੈਨੇਡਾ ਵਿੱਚ ਦਾਖਲੇ ਦੀ ਜਾਂਚ ਦੀ ਕੀਤੀ ਮੰਗ।ਕੰਜ਼ਰਵੇਟਿਵ ਸੰਸਦ ਮੈਂਬਰ ਕੈਨੇਡਾ ਦੀ ਪਬਲਿਕ ਸੇਫਟੀ ਕਮੇਟੀ ਨੂੰ ਇਸ ਗੱਲ ਦੀ ਜਾਂਚ ਕਰਨ ਦੀ ਅਪੀਲ ਕਰ ਰਹੇ ਹਨ ਕਿ ਟੋਰਾਂਟੋ ਦਾ ਇੱਕ ਵਿਅਕਤੀ ਮੁਹੰਮਦ ਸ਼ਾਹਜ਼ੇਬ ਖਾਨ, ਕਥਿਤ ਤੌਰ ‘ਤੇ ਅਮਰੀਕਾ ਵਿੱਚ ਆਈਐਸਆਈਐਸ ਹਮਲੇ ਦੀ ਸਾਜ਼ਿਸ਼ ਰਚਣ ਵਾਲਾ, ਦੇਸ਼ ਵਿੱਚ ਕਿਵੇਂ ਦਾਖਲ ਹੋਇਆ। ਦੱਸਦਈਏ ਕਿ ਸੰਸਦ ਮੈਂਬਰ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਅਤੇ ਜਨਤਕ ਸੁਰੱਖਿਆ ਮੰਤਰੀ ਡੋਮਿਨਿਕ ਲਬਲੈਂਕ ਨੂੰ ਸਥਿਤੀ ਬਾਰੇ ਸਪੱਸ਼ਟੀਕਰਨ ਦੇਣ ਲਈ ਕਹਿ ਰਹੇ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਇਸ ਗਰਮੀ ਵਿੱਚ ਆਈਐਸਆਈਐਸ ਨਾਲ ਸਬੰਧਤ ਇਹ ਦੂਜੀ ਸਾਜ਼ਿਸ਼ ਹੈ। ਬੀਤੇ ਐਤਵਾਰ ਖਾਨ ਨੂੰ ਆਰਸੀਐਮਪੀ ਦੁਆਰਾ ਕਬੇਕ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਉਹ ਕਥਿਤ ਤੌਰ ‘ਤੇ ਬਰੁਕਲਿਨ, ਨਿਊਯਾਰਕ ਵਿੱਚ ਇੱਕ ਯਹੂਦੀ ਕੇਂਦਰ ‘ਤੇ ਹਮਲਾ ਕਰਨ ਲਈ ਸਰਹੱਦ ਪਾਰ ਕਰਨ ਦੀ ਤਿਆਰੀ ਕਰ ਰਿਹਾ ਸੀ। ਸੰਸਦ ਮੈਂਬਰ ਦਾ ਕਹਿਣਾ ਹੈ ਕਿ ਉਹ ਕੈਨੇਡਾ ਦੀ ਸੁਰੱਖਿਆ ਜਾਂਚ ਨੂੰ ਲੈ ਕੇ ਚਿੰਤਤ ਹਨ, ਕਿਉਂਕਿ ਇਹ ਜੁਲਾਈ ਵਿੱਚ ਟੋਰਾਂਟੋ ਵਿੱਚ ਗ੍ਰਿਫਤਾਰ ਕੀਤੇ ਗਏ ISIS ਨਾਲ ਜੁੜੇ ਇੱਕ ਪਿਤਾ ਅਤੇ ਪੁੱਤਰ ਨੂੰ ਸ਼ਾਮਲ ਕਰਨ ਵਾਲੇ ਇੱਕ ਸਮਾਨ ਮਾਮਲੇ ਤੋਂ ਬਾਅਦ ਦੂਜਾ ਮਾਮਲਾ ਹੈ। ਉਥੇ ਹੀ ਯਹੂਦੀ ਸਮੂਹਾਂ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਉਹ ਇਸ ਬਾਰੇ ਚਿੰਤਤ ਹਨ ਕਿ ਖਾਨ ਨੇ ਵਿਦਿਆਰਥੀ ਵੀਜ਼ਾ ਕਿਵੇਂ ਪ੍ਰਾਪਤ ਕੀਤਾ। ਕੰਜ਼ਰਵੇਟਿਵ ਸੰਸਦ ਮੈਂਬਰ ਪਾਰਦਰਸ਼ਤਾ ਦੀ ਮੰਗ ਕਰਦੇ ਹੋਏ ਇਹ ਦਲੀਲ ਦੇ ਰਹੇ ਹਨ ਕਿ ਇਹਨਾਂ ਸੁਰੱਖਿਆ ਖਾਮੀਆਂ ਨੂੰ ਸਮਝਣ ਵਿੱਚ ਜਨਤਾ ਦੀ ਦਿਲਚਸਪੀ ਨਿੱਜਤਾ ਦੀਆਂ ਚਿੰਤਾਵਾਂ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ।
