ਕੈਲਗਰੀ ਸ਼ਹਿਰ ਨੇ ਟੋਅ ਟਰੱਕ ਡਰਾਈਵਰਾਂ ਦੁਆਰਾ ਹਾਦਸਿਆਂ ਦੇ ਸਥਾਨ ‘ਤੇ ਬਿਨਾਂ ਬੁਲਾਏ ਪਹੁੰਚਣ ਅਤੇ ਗੈਰ-ਕਾਨੂੰਨੀ ਕੰਮ ਕਰਨ ‘ਤੇ ਰੋਕ ਲਗਾਉਣ ਲਈ ਨਵੇਂ ਨਿਯਮ ਪਾਸ ਕੀਤੇ ਹਨ। ਸਿਟੀ ਕੌਂਸਲ ਨੇ ਮੰਗਲਵਾਰ ਨੂੰ ਕੈਲਗਰੀ ਟ੍ਰੈਫਿਕ ਬਾਇਲਾਅ ਅਤੇ ਸਟ੍ਰੀਟ ਬਾਇਲਾਅ ਵਿੱਚ ਸੋਧਾਂ ਨੂੰ ਮਨਜ਼ੂਰੀ ਦਿੱਤੀ ਹੈ।
ਇਹਨਾਂ ਨਵੇਂ ਨਿਯਮਾਂ ਅਨੁਸਾਰ, ਕਿਸੇ ਵੀ ਟੋਅ ਟਰੱਕ ਸਰਵਿਸ ਵਾਹਨ ਨੂੰ ਹਾਦਸੇ ਦੇ ਸਥਾਨ ਤੋਂ 200 ਮੀਟਰ ਦੇ ਦਾਇਰੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ, ਜਦ ਤੱਕ ਕਿ ਇਸਨੂੰ ਐਮਰਜੈਂਸੀ ਰਿਸਪਾਂਡਰ ਜਾਂ ਹਾਦਸੇ ਵਿੱਚ ਸ਼ਾਮਲ ਵਾਹਨ ਦੇ ਮਾਲਕ ਦੁਆਰਾ ਬੁਲਾਇਆ ਨਾ ਗਿਆ ਹੋਵੇ। ਜੇਕਰ ਕੋਈ ਟੋਅ ਟਰੱਕ ਡਰਾਈਵਰ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ, ਤਾਂ ਉਸਨੂੰ 10,000 ਡਾਲਰ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਕੈਲਗਰੀ ਸ਼ਹਿਰ ਦੇ ਅਧਿਕਾਰੀ ਲੋਰਨਾ ਨੇ ਕਿਹਾ, “ਕੁਝ ਟੋਅ ਟਰੱਕ ਓਪਰੇਟਰ ਬਿਨਾਂ ਬੁਲਾਏ ਹਾਦਸਿਆਂ ਦੇ ਸਥਾਨ ‘ਤੇ ਪਹੁੰਚ ਜਾਂਦੇ ਹਨ, ਜਿਸ ਨਾਲ ਐਮਰਜੈਂਸੀ ਰਿਸਪਾਂਡਰਾਂ ਨੂੰ ਵੀ ਦਿਖੱਤਾ ਆਉਂਦਾ ਹੈ ਅਤੇ ਕਈ ਵਾਰ ਗਾਹਕਾਂ ਨੂੰ ਡਰਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਉਹ ਗਾਹਕਾਂ ਤੋਂ ਬਹੁਤ ਜ਼ਿਆਦਾ ਫੀਸ ਵੀ ਵਸੂਲ ਕਰਦੇ ਹਨ।”
ਸਿਟੀ ਦੇ ਅਨੁਸਾਰ, ਇਹ ਨਵੇਂ ਨਿਯਮ ਕੈਲਗਰੀ ਪੁਲਿਸ ਸਰਵਿਸ ਅਤੇ ਕਮਿਊਨਿਟੀ ਪੀਸ ਅਫਸਰਾਂ ਨੂੰ ਹਾਦਸਿਆਂ ਦੇ ਸਥਾਨ ‘ਤੇ ਟੋਅ ਟਰੱਕ ਓਪਰੇਟਰਾਂ ਦੇ ਗੈਰ-ਕਾਨੂੰਨੀ ਵਿਵਹਾਰ ਨੂੰ ਰੋਕਣ ਵਿੱਚ ਮਦਦ ਕਰਨਗੇ। 200 ਮੀਟਰ ਦਾ ਬਫਰ ਜ਼ੋਨ ਹਾਦਸੇ ਦੇ ਸਥਾਨ ‘ਤੇ ਸਾਰੇ ਲੋਕਾਂ ਦੀ ਸੁਰੱਖਿਆ ਵਿੱਚ ਵੀ ਮਦਦ ਕਰੇਗਾ।