ਕੈਲਗਰੀ ਫਾਇਰ ਡਿਪਾਰਟਮੈਂਟ ਨੇ ਲੋਕਾਂ ਨੂੰ ਇੱਕ ਸਕੈਮ ਬਾਰੇ ਚੇਤਾਵਨੀ ਜਾਰੀ ਕੀਤੀ ਹੈ, ਜਿਸ ਵਿੱਚ ਕੁਝ ਲੋਕ ਫਾਇਰ ਡਿਪਾਰਟਮੈਂਟ ਦੇ ਨਾਮ ‘ਤੇ ਘਰ-ਘਰ ਜਾ ਕੇ ਮੁਫ਼ਤ ਫਰਨੇਸ ਇੰਸਪੈਕਸ਼ਨ ਦੀ ਪੇਸ਼ਕਸ਼ ਕਰ ਰਹੇ ਹਨ। ਇਹ ਸਕੈਮਰ ਫਾਇਰ ਡਿਪਾਰਟਮੈਂਟ ਦੇ ਨਾਮ ਨਾਲ ਨੰਬਰਾਂ ਨੂੰ ਵੀ ਅਜਿਹੇ ਤਰੀਕੇ ਨਾਲ ਵਰਤਦੇ ਹਨ, ਤਾਂ ਜੋ ਕਾਲ ਆਉਣ ‘ਤੇ ਫਾਇਰ ਡਿਪਾਰਟਮੈਂਟ ਦਾ ਨਾਮ ਦਿਖਾਈ ਦੇਵੇ।
ਕੈਲਗਰੀ ਫਾਇਰ ਡਿਪਾਰਟਮੈਂਟ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਦੇ ਵੀ ਘਰ-ਘਰ ਜਾ ਕੇ ਜਾਂ ਫੋਨ ਕਰਕੇ ਮੁਫ਼ਤ ਫਰਨੇਸ ਇੰਸਪੈਕਸ਼ਨ ਕਰਨ ਨਹੀਂ ਜਾਂਦੇ। ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇ ਕੋਈ ਵੀ ਅਜਿਹੀ ਗੱਲ ਕਰੇ, ਤਾਂ ਸਾਵਧਾਨ ਰਹੋ ਅਤੇ ਸ਼ੱਕੀ ਗਤੀਵਿਧੀਆਂ ਨੂੰ ਪੁਲਿਸ ਨੂੰ ਰਿਪੋਰਟ ਕੀਤਾ ਜਾਵੇ। ਇਸ ਦੇ ਨਾਲ ਹੀ, ਫਾਇਰ ਡਿਪਾਰਟਮੈਂਟ ਨੇ ਕਿਹਾ ਕਿ ਉਹ ਸਿਰਫ਼ ਨਿਰਧਾਰਤ ਘਰਾਂ ਦੀ ਹੀ ਸੇਫਟੀ ਇੰਸਪੈਕਸ਼ਨ ਲਈ ਹੀ ਘਰਾਂ ਦਾ ਦੌਰਾ ਕਰਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਜੇ ਉਨ੍ਹਾਂ ਨੂੰ ਫਰਨੇਸ ਨਾਲ ਕੋਈ ਸਮੱਸਿਆ ਹੋਵੇ, ਤਾਂ ਸਰਟੀਫਾਈਡ HVAC ਕਾਰੋਬਾਰਾਂ ਨਾਲ ਸੰਪਰਕ ਕਰਨ।
ਪੁਲਿਸ ਨੇ ਲੋਕਾਂ ਨੂੰ ਇਹ ਵੀ ਸੁਝਾਅ ਦਿੱਤੇ ਹਨ ਕਿ ਕਦੇ ਵੀ ਫੋਨ ‘ਤੇ ਜਾਂ ਆਮਨੇ-ਸਾਮਨੇ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ। ਅਣਜਾਣ ਵਿਅਕਤੀਆਂ ਨੂੰ ਘਰ ਵਿੱਚ ਦਾਖਲ ਨਾ ਹੋਣ ਦਿਓ, ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਬਾਰੇ ਵੇਰਵੇ ਇਕੱਠੇ ਕਰੋ, ਜਿਵੇਂ ਕਿ ਲਾਇਸੈਂਸ ਪਲੇਟ ਨੰਬਰ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਨੂੰ ਕੈਲਗਰੀ ਪੁਲਿਸ ਸਰਵਿਸ ਨੂੰ 403-266-1234 ‘ਤੇ ਜਾਂ ਔਨਲਾਈਨ ਨਾਨ-ਐਮਰਜੈਂਸੀ ਰਿਪੋਰਟਿੰਗ ਸਿਸਟਮ ਰਾਹੀਂ ਰਿਪੋਰਟ ਕਰੋ। ਇਹ ਚੇਤਾਵਨੀ ਇਸ ਲਈ ਵੀ ਜਾਰੀ ਕੀਤੀ ਗਈ ਹੈ ਕਿਉਂਕਿ ਹਾਲ ਹੀ ਵਿੱਚ ਕੈਲਗਰੀ ਦੇ ਦੱਖਣ-ਪੱਛਮ (SW) ਵਿੱਚ ਕਾਰਬਨ ਮੋਨੋਆਕਸਾਈਡ ਲੀਕ ਹੋਣ ਕਾਰਨ ਇੱਕ ਮੌਤ ਹੋਈ ਸੀ, ਜੋ ਕਿ ਫਰਨੇਸ ਸਮੱਸਿਆ ਕਾਰਨ ਹੋਈ ਸੀ। ਇਸ ਲਈ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ।