ਇਸ ਹਫ਼ਤੇ, ਕੈਨੇਡੀਅਨ ਆਰਮਡ ਫੋਰਸਿਜ਼ (CAF) ਦੇ 180 ਮੈਂਬਰ ਪੂਰਬੀ ਯੂਰਪ ਵਿੱਚ ਰੱਖਿਆ ਨੂੰ ਮਜ਼ਬੂਤ ਕਰਨ ਲਈ ਨੈਟੋ ਦੇ ਚੱਲ ਰਹੇ ਮਿਸ਼ਨ ਦੇ ਹਿੱਸੇ ਵਜੋਂ ਐਡਮੰਟਨ ਤੋਂ ਲੈਟਵੀਆ ਲਈ ਰਵਾਨਾ ਹੋਏ।ਰਿਪਰੋਟ ਮੁਤਾਬਕ ਇਹ ਤੈਨਾਤੀ ਓਪਰੇਸ਼ਨ ਭਰੋਸੇ ਦਾ ਹਿੱਸਾ ਹੈ, ਜੋ ਕਿ 2014 ਵਿੱਚ ਸ਼ੁਰੂ ਹੋਇਆ ਸੀ ਅਤੇ ਯੂਕਰੇਨ ਵਿੱਚ ਵਧਦੇ ਸੰਘਰਸ਼ ਦੇ ਕਾਰਨ ਮਾਰਚ 2022 ਵਿੱਚ ਨਵਿਆਇਆ ਗਿਆ ਸੀ।ਕਿਹਾ ਜਾ ਰਿਹਾ ਹੈ ਕਿ ਇਸ ਮਿਸ਼ਨ ਦਾ ਟੀਚਾ ਯੂਕਰੇਨ ‘ਤੇ ਰੂਸ ਦੇ ਹਮਲੇ ਕਾਰਨ ਪੈਦਾ ਹੋਏ ਸੁਰੱਖਿਆ ਖਤਰੇ ਦੇ ਜਵਾਬ ਵਿੱਚ ਨੈਟੋ ਦੇ ਬਚਾਅ ਅਤੇ ਰੱਖਿਆ ਉਪਾਵਾਂ ਦਾ ਸਮਰਥਨ ਕਰਨਾ ਹੈ।ਦੱਸਦਈਏ ਕਿ ਲੋਰਡ ਸਟ੍ਰੈਥਕੋਨਾ ਹੋਰਸ (ਰਾਇਲ ਕੈਨੇਡੀਅਨਜ਼) ਦੀ ਅਗਵਾਈ ਵਿੱਚ ਕੈਨੇਡੀਅਨ ਸਿਪਾਹੀ ਇੱਕ ਬਹੁ-ਰਾਸ਼ਟਰੀ ਬ੍ਰਿਗੇਡ ਦੇ ਹਿੱਸੇ ਵਜੋਂ ਲੈਟਵੀਆ ਵਿੱਚ ਛੇ ਮਹੀਨੇ ਬਿਤਾਉਣਗੇ।ਵਰਤਮਾਨ ਵਿੱਚ ਇਸ ਮਿਸ਼ਨ ਨੂੰ ਲੈ ਕੇ ਕੈਨੇਡਾ ਤੋਂ 2000 ਸੈਨਿਕਾਂ ਨੂੰ ਭੇਜਿਆ ਗਿਆ ਹੈ। ਜਿਸ ਨੂੰ ਸਭ ਤੋਂ ਵੱਡੀ ਵਿਦੇਸ਼ੀ ਤਾਇਨਾਤੀ ਦੱਸਿਆ ਜਾ ਰਿਹਾ ਹੈ। CAF ਮੈਂਬਰ ਇਸ ਮਿਸ਼ਨ ਵਿੱਚ ਹਿੱਸਾ ਲੈਣ ਲਈ ਲਗਭਗ ਇੱਕ ਸਾਲ ਤੋਂ ਤਿਆਰੀ ਕਰ ਰਹੇ ਹਨ, ਜਿਸਦਾ ਉਦੇਸ਼ ਨੈਟੋ ਸਹਿਯੋਗੀਆਂ ਨੂੰ ਭਰੋਸਾ ਦਿਵਾਉਣਾ ਅਤੇ ਖੇਤਰ ਵਿੱਚ ਸਮੂਹਿਕ ਰੱਖਿਆ ਨੂੰ ਮਜ਼ਬੂਤ ਕਰਨਾ ਹੈ।