ਕੈਨੇਡਾ ਵਿੱਚ ਡਾਕਟਰਾਂ ਦੀ ਘਾਟ ਨੂੰ ਲੈ ਕੇ ਇੱਕ ਨਵਾਂ ਸਰਵੇਖਣ ਇਹ ਦਰਸਾ ਰਿਹਾ ਹੈ ਕਿ 37 ਫੀਸਦੀ ਲੋਕਾਂ ਨੇ ਆਪਣੀ ਸਿਹਤ ਸੰਬੰਧੀ ਜਾਣਕਾਰੀ ਲਈ ਆਨਲਾਈਨ ਸਰੋਤਾਂ ਦਾ ਸਹਾਰਾ ਲਿਆ ਕਿਉਂਕਿ ਉਹ ਡਾਕਟਰ ਜਾਂ ਕਿਸੇ ਮੈਡੀਕਲ ਪ੍ਰੋਫੈਸ਼ਨਲ ਤੱਕ ਪਹੁੰਚ ਨਹੀਂ ਸਕਦੇ।ਅੰਦਾਜ਼ੇ ਦੇ ਮੁਤਾਬਕ ਲਗਭਗ 6.5 ਮਿਲੀਅਨ ਕੈਨੇਡੀਅਨ (ਜੋ ਕਿ ਕੈਨੇਡਾ ਦੀ ਆਬਾਦੀ ਦਾ ਪੰਜਵਾਂ ਹਿੱਸਾ ਹੈ) ਕੋਲ ਕੋਈ ਫ਼ੈਮਲੀ ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਨਹੀਂ ਹੈ। CMA ਦੀ ਪ੍ਰਧਾਨ ਡਾਕਟਰ ਜੋਸ ਰੀਮਰ ਨੇ ਕਿਹਾ ਕਿ ਇਹ ਨਤੀਜੇ “ਬਹੁਤ ਹੀ ਚਿੰਤਾਜਨਕ” ਹਨ ਅਤੇ ਇਹ ਸਿਹਤ ਪ੍ਰਣਾਲੀ ਦੀਆਂ ਕਮੀਆਂ ਨੂੰ ਦਰਸਾਉਂਦੇ ਹਨ। ਇਸ ਸਰਵੇਖਣ ਵਿੱਚ ਇਹ ਵੀ ਪਤਾ ਲਗਿਆ ਕਿ 23 ਫੀਸਦੀ ਲੋਕਾਂ ਨੇ ਕਿਹਾ ਕਿ ਜਿਨ੍ਹਾਂ ਨੇ ਆਨਲਾਈਨ ਸਿਹਤ ਸਲਾਹ ਲਈ, ਉਸ ਨਾਲ ਉਨ੍ਹਾਂ ਦੀ ਸਿਹਤ ‘ਤੇ ਗਲਤ ਪ੍ਰਭਾਵ ਪਿਆ ਅਤੇ ਕਈ ਹਾਨੀਆਂ ਹੋਈਆਂ। ਇਹ ਸਰਵੇਖਣ ਕੈਨੇਡਾ ਮੈਡੀਕਲ ਐਸੋਸੀਏਸ਼ਨ (CMA) ਅਤੇ ਐਬੇਕਸ ਡੇਟਾ ਦੁਆਰਾ ਪਿਛਲੇ ਨਵੰਬਰ ਵਿੱਚ ਕਰਵਾਇਆ ਗਿਆ ਸੀ।CMA ਦੇ ਅਨੁਸਾਰ, ਕੈਨੇਡਾ ਵਿੱਚ ਡਾਕਟਰਾਂ ਦੀ ਘਾਟ ਮੁੱਖ ਤੌਰ ‘ਤੇ ਕਈ ਕਾਰਨਾਂ ਕਰਕੇ ਹੋ ਰਹੀ ਹੈ, ਜਿਵੇਂ ਕਿ ਕਈ ਫ਼ੈਮਲੀ ਡਾਕਟਰ ਰਿਟਾਇਰ ਹੋ ਰਹੇ ਹਨ ਅਤੇ ਨਵੇਂ ਡਾਕਟਰ ਪਰਿਵਾਰਕ ਚਿਕਿਤਸਾ ਨੂੰ ਆਪਣਾ ਫੀਲਡ ਵਜੋਂ ਨਹੀਂ ਚੁਣ ਰਹੇ। ਇਸਦੇ ਨਾਲ ਹੀ, ਬਹੁਤ ਸਾਰੇ ਡਾਕਟਰ ਆਪਣੀ ਪ੍ਰੈਕਟੀਸ਼ ਨੂੰ ਵਿਸ਼ੇਸ਼ ਸੇਵਾਵਾਂ ਵੱਲ ਮੋੜ ਰਹੇ ਹਨ, ਜਿਸ ਕਾਰਨ ਜਨਰਲ ਮੈਡੀਕਲ ਕੇਅਰ ਦੀ ਘਾਟ ਹੋ ਰਹੀ ਹੈ।ਡਾਕਟਰ ਰੀਮਰ ਨੇ ਕਿਹਾ ਕਿ ਲੋਕ ਸਿਹਤ ਜਾਣਕਾਰੀ ਲਈ ਪ੍ਰਮਾਣਿਤ ਅਤੇ ਭਰੋਸੇਮੰਦ ਸਰੋਤਾਂ ਦੀ ਵਰਤੋਂ ਕਰਨ, ਜਿਵੇਂ ਕਿ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਜਾਂ ਹੋਰ ਸਰਕਾਰੀ ਸਿਹਤ ਸੰਸਥਾਵਾਂ ਤੋਂ ਮਦਦ ਲੈਣ।ਉਹਨੇ ਇਹ ਵੀ ਕਿਹਾ ਕਿ ਸਿਹਤ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ ਲਈ ਇੱਕ ਹੋਰ ਇੰਟੈਗਰੇਟਡ ਸਿਹਤ ਪ੍ਰਣਾਲੀ ਦੀ ਜਰੂਰਤ ਹੈ, ਜਿੱਥੇ ਡਾਕਟਰਾਂ, ਨਰਸਾਂ ਅਤੇ ਹੋਰ ਸਿਹਤ ਮਾਹਿਰਾਂ ਨੇ ਇੱਕੱਠੇ ਕੰਮ ਕਰਕੇ ਲੋਕਾਂ ਦੀ ਸਿਹਤ ਸੰਭਾਲ ਕਰ ਸਕਣ।