ਹਲਕਾ ਸਨੌਰ ਦੇ ਪਿੰਡ ਬ੍ਰਹਮਪੁਰ ਤੋਂ ਉਚੇਰੀ ਪੜ੍ਹਾਈ ਹਾਸਲ ਕਰਨ ਲਈ ਵੈਨਕੂਵਰ ਕੈਨੇਡਾ ਗਏ ਨੌਜਵਾਨ ਦੀ ਪਾਣੀ ’ਚ ਡੁੱਬਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਅੰਗਰੇਜ਼ ਸਿੰਘ ਬ੍ਰਹਮਪੁਰ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਹਰਮਨ ਸਿੰਘ ਸੰਧੂ ਪੁੱਤਰ ਸਤਨਾਮ ਸਿੰਘ ਜੋ ਕਿ ਤਕਰੀਬਨ ਦੋ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਵੈਨਕੂਵਰ ਸਰੀ ਕੈਨੇਡਾ ਵਿਖੇ ਗਿਆ ਸੀ, ਜਿਸ ਦੀ ਬੀਤੇ ਕੱਲ੍ਹ ਪਾਣੀ ਵਿਚ ਡੁੱਬਣ ਕਰ ਕੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਹਰਮਨ ਸਿੰਘ ਦੀ ਉਮਰ 21 ਸਾਲ ਸੀ ਅਤੇ ਉਹ ਦੋ ਭਰਾ ਸਨ। ਉਨ੍ਹਾਂ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਗੁਹਾਰ ਲਗਾਈ ਹੈ ਕਿ ਮ੍ਰਿਤਕ ਹਰਮਨ ਸਿੰਘ ਦੀ ਲਾਸ਼ ਪਿੰਡ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।
