ਕੈਨੇਡਾ ਅਤੇ ਅਮਰੀਕਾ ਵਲੋਂ ਪਰਵਾਸ ਨੀਤੀਆਂ ਵਿੱਚ ਕੀਤੇ ਜਾ ਰਹੇ ਬਦਲਾਵਾਂ ਅਤੇ ਸਖ਼ਤੀ ਦੇ ਮੱਦੇਨਜ਼ਰ ਕੌਮਾਂਤਰੀ ਵਿਦਿਆਰਥੀ ਹੁਣ ਯੂਰਪ ਸਣੇ ਦੂਜੇ ਮੁਲਕਾਂ ਦਾ ਰੁਖ਼ ਕਰਨ ਲੱਗੇ ਹਨ।ਕੈਨੇਡਾ, ਭਾਰਤ ਸਣੇ ਹੋਰ ਕਈ ਮੁਲਕਾਂ ਤੋਂ ਜਾਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਰਿਹਾ ਹੈ। ਇਸ ਦਾ ਕਾਰਨ ਵਿਦਿਆਰਥੀ ਵੀਜ਼ੇ ਉੱਤੇ ਜਾ ਕੇ ਵਰਕ ਪਰਮਿਟ ਲੈਣ ਅਤੇ ਪੱਕੇ ਵੱਸਣ ਦਾ ਸੁਖਾਲਾ ਰਾਹ ਸੀ।ਪਰ ਪਿਛਲੇ ਕਰੀਬ ਇੱਕ ਸਾਲ ਦੌਰਾਨ ਕੈਨੇਡਾ ਵਲੋਂ ਕੀਤੇ ਗਏ ਵੱਡੇ ਬਦਲਾਵਾਂ ਕਾਰਨ ਹੁਣ ਹਾਲਾਤ ਬਦਲ ਚੁੱਕੇ ਹਨ।ਜਿੱਥੇ ਕੈਨੇਡਾ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਲੈ ਕੇ ਨਿਯਮਾਂ ਵਿੱਚ ਤਬਦੀਲੀ ਕੀਤੀ ਹੈ। ਇਸੇ ਤਰ੍ਹਾਂ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੌਨਲਡ ਟਰੰਪ ਵੀ ਪਰਵਾਸ ਨੀਤੀ ਉੱਤੇ ਸਖ਼ਤੀ ਕਰਨ ਦਾ ਐਲਾਨ ਕਰ ਚੁੱਕੇ ਹਨ।ਯੂਕੇ ਪਹਿਲਾਂ ਹੀ ਪਰਵਾਸੀਆਂ ਨੂੰ ਲੈ ਕੇ ਕਈ ਸਖ਼ਤ ਕਦਮ ਚੁੱਕ ਰਿਹਾ ਹੈ। ਇਸੇ ਤਰ੍ਹਾਂ ਆਸਟ੍ਰੇਲੀਆ ਨੇ ਵੀ ਕੁਝ ਬਦਲਾਅ ਕੀਤੇ ਹਨ।