
ਕੈਨੇਡਾ ਦੇ ਇਮੀਗ੍ਰੇਸ਼ਨ ਵਕੀਲਾਂ ਨੇ ਅਮਰੀਕਾ ਯਾਤਰਾ ਕਰਨ ਵਾਲੇ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਟਰੰਪ ਪ੍ਰਸ਼ਾਸਨ ਦੇ ਨਵੇਂ ਨਿਯਮਾਂ ਕਾਰਨ ਸਰਹੱਦ ‘ਤੇ ਸਖ਼ਤ ਪੁੱਛਗਿੱਛ ਅਤੇ ਦਸਤਾਵੇਜ਼ਾਂ ਦੀ ਜਾਂਚ ਹੋ ਸਕਦੀ ਹੈ। ਟੋਰਾਂਟੋ ਦੀ ਇਮੀਗ੍ਰੇਸ਼ਨ ਵਕੀਲ ਹੈਦਰ ਸਿਗਲ ਦਾ ਕਹਿਣਾ ਹੈ ਕਿ ਅਮਰੀਕੀ ਸੀਮਾ ‘ਤੇ ਹਾਲ ਹੀ ਵਿੱਚ ਸਖ਼ਤੀ ਵਧੀ ਹੈ, ਜਿਸ ਕਾਰਨ ਕੈਨੇਡੀਅਨ ਯਾਤਰੀਆਂ ਵਿੱਚ ਡਰ ਦਾ ਮਾਹੌਲ ਹੈ। “ਲੋਕਾਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਰੋਕਿਆ ਜਾਵੇਗਾ, ਖ਼ਾਸਕਰ ਉਹ ਲੋਕ ਜੋ ਇਰਾਨ ਜਾਂ ਸੀਰੀਆ ਵਰਗੇ ਦੇਸ਼ਾਂ ਵਿੱਚ ਪੈਦਾ ਹੋਏ ਹਨ, ਜਾਂ ਜਿਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਟਰੰਪ ਸਰਕਾਰ ਦੀ ਆਲੋਚਨਾ ਕੀਤੀ ਹੈ, ਉਨ੍ਹਾਂ ਨੂੰ ਵਧੇਰੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।”
ਵਕੀਲਾਂ ਅਨੁਸਾਰ, ਅਮਰੀਕੀ ਕਸਟਮ ਅਧਿਕਾਰੀ ਯਾਤਰੀਆਂ ਦੇ ਮੋਬਾਈਲ ਫੋਨ, ਲੈਪਟਾਪ ਜਾਂ ਸੋਸ਼ਲ ਮੀਡੀਆ ਖਾਤਿਆਂ ਨੂੰ ਚੈੱਕ ਕਰ ਸਕਦੇ ਹਨ। ਇਸ ਲਈ ਸਿਗਲ ਨੇ ਸਲਾਹ ਦਿੱਤੀ ਹੈ ਕਿ ਯਾਤਰੀ ਆਪਣਾ ਅਸਲੀ ਫੋਨ ਘਰ ਛੱਡ ਕੇ ਸਿਰਫ਼ ਸਧਾਰਨ ਫੋਨ (ਬਰਨਰ ਫੋਨ) ਲੈ ਜਾਣ। ਉਨ੍ਹਾਂ ਕਿਹਾ ਕਿ “ਅਮਰੀਕਾ ਦਾਖ਼ਲ ਹੋਣ ਸਮੇਂ ਪ੍ਰਾਈਵੇਸੀ ਦੇ ਨਿਯਮ ਵੱਖਰੇ ਹੁੰਦੇ ਹਨ। ਤੁਹਾਡੇ ਫੋਨ ਵਿੱਚ ਮੌਜੂਦ ਕੋਈ ਵੀ ਜਾਣਕਾਰੀ ਸਰਕਾਰੀ ਅਧਿਕਾਰੀਆਂ ਤੱਕ ਪਹੁੰਚ ਸਕਦੀ ਹੈ।” ਉਨ੍ਹਾਂ ਨੇ ਕਿਹਾ ਕਿ ਕੈਨੇਡਾ ਦੇ ਹਵਾਈ ਅੱਡਿਆਂ ਤੋਂ ਅਮਰੀਕਾ ਲਈ ਉਡਾਣ ਭਰਨ ਵਾਲੇ ਯਾਤਰੀਆਂ ਨੂੰ “ਪ੍ਰੀਕਲੀਅਰੈਂਸ ਸੁਵਿਧਾ ਦਾ ਫਾਇਦਾ ਮਿਲ ਸਕਦਾ ਹੈ।” ਇਸ ਪ੍ਰਕਿਰਿਆ ਵਿੱਚ, ਯਾਤਰੀ ਕੈਨੇਡਾ ਦੀ ਧਰਤੀ ‘ਤੇ ਹੀ ਅਮਰੀਕੀ ਕਸਟਮ ਕਲੀਅਰ ਕਰ ਲੈਂਦੇ ਹਨ। ਉਨ੍ਹਾਂ ਕਿਹਾ “ਜੇਕਰ ਤੁਹਾਨੂੰ ਸ਼ੱਕ ਜਾਂ ਚਿੰਤਾ ਹੋਵੇ, ਤਾਂ ਤੁਸੀਂ ਯਾਤਰਾ ਰੱਦ ਵੀ ਕਰ ਸਕਦੇ ਹੋ।” ਟੋਰਾਂਟੋ ਦੇ ਵਕੀਲ ਰਵੀ ਜੈਨ ਮੰਨਦੇ ਹਨ ਕਿ ਕੈਨੇਡਾ ਸਰਕਾਰ ਨੂੰ ਅਮਰੀਕਾ ਲਈ ਯਾਤਰਾ ਕਰਨ ਵਾਲਿਆਂ ਲਈ ਇੱਕ ਟ੍ਰਾਵਲ ਐਡਵਾਈਜ਼ਰੀ ਨੋਟਿਸ ਜਾਰੀ ਕਰਨਾ ਚਾਹੀਦਾ ਹੈ।