ਵੈਸਟਜੈੱਟ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਤੋਂ ਜਲਦੀ ਸ਼ੁਰੂ ਹੋਣ ਵਾਲੀ ਇਸ ਦੇ ਮਕੈਨਿਕਸ ਦੁਆਰਾ ਸੰਭਾਵਿਤ ਹੜਤਾਲ ਨਾਲ ਯਾਤਰੀਆਂ ਨੂੰ ਵੱਡੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਏਅਰਲਾਈਨ ਦਾ ਕਹਿਣਾ ਹੈ ਕਿ ਏਅਰਕ੍ਰਾਫਟ ਮਕੈਨਿਕਸ ਫ੍ਰੈਟਰਨਲ ਐਸੋਸੀਏਸ਼ਨ ਨੇ ਇੱਕ ਹੜਤਾਲ ਨੋਟਿਸ ਜਾਰੀ ਕੀਤਾ ਹੈ ਜਿਸਦਾ ਮਤਲਬ ਸ਼ੁਕਰਵਾਰ ਸ਼ਾਮ 7:30 ਵਜੇ ਤੋਂ ਪਹਿਲਾ ਉਹ ਆਪਣਾ ਕੰਮ ਛੱਡ ਸਕਦੇ ਹਨ। ਦੱਸਦਈਏ ਕਿ ਇਹ ਨੋਟਿਸ ਯੂਨੀਅਨ ਵੱਲੋਂ ਪਿਛਲੇ ਹਫ਼ਤੇ ਹੜਤਾਲ ਦੀਆਂ ਯੋਜਨਾਵਾਂ ਨੂੰ ਰੱਦ ਕਰਨ ਅਤੇ ਗੱਲਬਾਤ ਦੀ ਮੇਜ਼ ‘ਤੇ ਵਾਪਸ ਆਉਣ ਤੋਂ ਬਾਅਦ ਆਇਆ ਹੈ। ਜਿਸ ਨੂੰ ਲੈ ਕੇ ਵੈਸਟਜੈੱਟ ਦਾ ਕਹਿਣਾ ਹੈ ਕਿ ਇਹ ਸੰਭਾਵਿਤ ਨੌਕਰੀ ਦੀ ਕਾਰਵਾਈ ਦੇ ਪ੍ਰਭਾਵਾਂ ਦਾ ਪ੍ਰਬੰਧਨ ਕਰਨ ਲਈ ਆਉਣ ਵਾਲੇ ਦਿਨਾਂ ਵਿੱਚ ਕਾਰਵਾਈ ਕਰਨਾ ਸ਼ੁਰੂ ਕਰ ਦੇਵੇਗਾ। ਕਾਬਿਲੇਗੌਰ ਹੈ ਕਿ ਇਕਰਾਰਨਾਮੇ ਦੀ ਗੱਲਬਾਤ ਮੁੜ ਸ਼ੁਰੂ ਹੋਣ ਤੋਂ ਪਹਿਲਾਂ ਏਅਰਲਾਈਨ ਨੇ ਪਿਛਲੇ ਹਫ਼ਤੇ ਦਰਜਨਾਂ ਉਡਾਣਾਂ ਨੂੰ ਰੱਦ ਕਰ ਦਿੱਤਾ ਸੀ। ਜਿਸ ਕਰਕੇ ਯਾਤਰੀਆਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਯੂਨੀਅਨ ਦੇ ਮੈਂਬਰਾਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਹੀ ਇੱਕ ਅਸਥਾਈ ਸੌਦੇ ਨੂੰ ਰੱਦ ਕਰਨ ਲਈ ਭਾਰੀ ਵੋਟਾਂ ਪਾਈਆਂ ਅਤੇ ਵੈਸਟਜੈੱਟ ਦੀ ਸਾਲਸੀ ਦੀ ਬੇਨਤੀ ਦਾ ਵਿਰੋਧ ਕੀਤਾ। ਉਥੇ ਹੀ ਮਕੈਨਿਕਾਂ ਦੀ ਇਸ ਆਉਣ ਵਾਲੀ ਹੜਤਾਲ ਨੂੰ ਲੈ ਕੇ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦਾ ਕਹਿਣਾ ਹੈ ਕਿ ਇਹ ਉਡਾਣਾਂ ਦੇ ਰੱਦ ਹੋਣ ਜਾਂ ਦੇਰੀ ਹੋਣ ਜਾਂ ਕਿਸੇ ਵੀ ਸੰਭਾਵੀ ਪ੍ਰਭਾਵ ਦੀ ਨਿਗਰਾਨੀ ਕਰਨਾ ਜਾਰੀ ਰੱਖੇਗਾ ਅਤੇ ਉਪਲਬਧ ਹੋਣ ‘ਤੇ ਯਾਤਰੀਆਂ ਨੂੰ ਅਪਡੇਟ ਪ੍ਰਦਾਨ ਕਰੇਗਾ।