ਦੱਖਣੀ ਵਿਅਤਨਾਮ ਵਿੱਚ ਇੱਕ ਦੁਕਾਨ ਤੋਂ bánh mì ਸੈਂਡਵਿਚ ਖਾਣ ਤੋਂ ਬਾਅਦ 500 ਤੋਂ ਵੱਧ ਲੋਕਾਂ ਨੂੰ ਸ਼ੱਕੀ ਭੋਜਨ ਦੇ ਜ਼ਹਿਰ ਨਾਲ ਹਸਪਤਾਲ ਲਿਜਾਇਆ ਗਿਆ ਹੈ। ਜਿਨ੍ਹਾਂ ਵਿਚੋਂ ਛੇ ਤੋਂ ਸੱਤ ਸਾਲ ਦੇ ਦੋ ਮੁੰਡਿਆਂ ਸਮੇਤ 12 ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਡੋਂਗ ਨਾਏ ਸੂਬੇ ਵਿੱਚ ਸਥਿਤ ਬੇਕਰੀ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਮੌਜੂਦਾ ਹੀਟ ਵੇਵ ਦੇ ਨਤੀਜੇ ਵਜੋਂ ਸੈਂਡਵਿਚ ਖਰਾਬ ਹੋ ਸਕਦੇ ਹਨ। ਉਥੇ ਹੀ ਬੇਕਰੀ ਦੀ ਸ਼ੁਰੂਆਤੀ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਹ ਭੋਜਨ ਸੁਰੱਖਿਆ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੀ ਹੈ। ਦੱਸਦਈਏ ਕਿ Bánh mì ਇੱਕ ਰਵਾਇਤੀ ਵੀਅਤਨਾਮੀ ਸੈਂਡਵਿਚ ਹੈ ਜਿਸ ਵਿੱਚ ਇੱਕ ਫ੍ਰੈਂਚ-ਸ਼ੈਲੀ ਦਾ ਬੈਗੇਟ ਹੁੰਦਾ ਹੈ ਜੋ ਠੰਡੇ ਮੀਟ, ਪੈਟੀ ਅਤੇ ਸਬਜ਼ੀਆਂ ਨਾਲ ਭਰਿਆ ਹੁੰਦਾ ਹੈ। ਲੋਂਗ ਖਾਨ ਸ਼ਹਿਰ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ 30 ਅਪ੍ਰੈਲ ਨੂੰ ਲੋਂਗ ਖਾਨ ਸ਼ਹਿਰ ਦੀ ਬੈਂਗ ਬੇਕਰੀ ਤੋਂ ਸੈਂਡਵਿਚ ਖਾਣ ਤੋਂ ਬਾਅਦ ਘੱਟੋ ਘੱਟ 560 ਲੋਕ ਬੀਮਾਰ ਹੋ ਗਏ। ਉਨ੍ਹਾਂ ਇਹ ਵੀ ਦੱਸਿਆ ਕਿ 200 ਲੋਕਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਸਥਾਨਕ ਅਧਿਕਾਰੀਆਂ ਦੇ ਅਨੁਸਾਰ, ਟਰਾਨ ਕਵਾਂਗ ਡੀਯੂ ਸਟ੍ਰੀਟ ‘ਤੇ ਅਧਾਰਤ ਇਹ ਬੇਕਰੀ, ਹਰ ਰੋਜ਼ ਲਗਭਗ ਇੱਕ ਹਜ਼ਾਰ ਤੋਂ ਵੱਧ ਸੈਂਡਵਿਚ ਵੇਚਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ food poisoning ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।