ਕੈਨੇਡਾ ਅਤੇ ਇਸਦੇ G7 ਸਹਿਯੋਗੀ ਇੱਕ ਸੌਦੇ ਦੇ ਅੰਤਮ ਪੜਾਅ ਵਿੱਚ ਹਨ ਜਿਸ ਵਿੱਚ ਯੂਕਰੇਨ ਨੂੰ 50 ਬਿਲੀਅਨ ਡਾਲਰ ਦਾ ਕਰਜ਼ਾ ਦਿੱਤਾ ਜਾਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਕੈਨੇਡਾ ਇਸ ਸੌਦੇ ਲਈ 5 ਬਿਲੀਅਨ ਡਾਲਰ ਫੰਡ ਦੇਣ ਲਈ ਤਿਆਰ ਹੈ। ਜਦੋਂ ਤੋਂ G7 ਨੇ 2022 ਵਿੱਚ ਰੂਸੀ ਸੰਪਤੀਆਂ ਨੂੰ ਫ੍ਰੀਜ਼ ਕਰਨਾ ਸ਼ੁਰੂ ਕੀਤਾ ਹੈ, ਕੈਨੇਡਾ ਵਿੱਚ C$140 ਮਿਲੀਅਨ ਡਾਲਰ ਤੋਂ ਵੱਧ ਮੁੱਲ ਦੀਆਂ ਰੂਸੀ ਸੰਪਤੀਆਂ ਨੂੰ ਜ਼ਬਤ ਕੀਤਾ ਗਿਆ ਹੈ। ਇਸ ਪਹਿਲਕਦਮੀ ਦੇ ਜ਼ਰੀਏ, ਜਿਸਦਾ ਅਜੇ ਰਸਮੀ ਤੌਰ ‘ਤੇ ਐਲਾਨ ਕੀਤਾ ਜਾਣਾ ਬਾਕੀ ਹੈ, ਸੂਤਰਾਂ ਦਾ ਕਹਿਣਾ ਹੈ ਕਿ ਜੀ 7 ਦੇਸ਼ ਯੂਕਰੇਨ ਨੂੰ 50 ਬਿਲੀਅਨ ਡਾਲਰ ਦਾ ਕਰਜ਼ਾ ਪ੍ਰਦਾਨ ਕਰਨ ਲਈ ਰੂਸੀ ਸੰਪਤੀਆਂ ਦੇ ਲਗਭਗ 300 ਬਿਲੀਅਨ ਅਮਰੀਕੀ ਡਾਲਰ ‘ਤੇ ਇਕੱਠੇ ਹੋਏ ਵਿਆਜ ਦੀ ਵਰਤੋਂ ਕਰਨਗੇ। ਹਾਲਾਂਕਿ ਇਹ ਅਸਪਸ਼ਟ ਹੈ ਕਿ ਸੌਦੇ ਨੂੰ ਕਦੋਂ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ ਅਧਿਕਾਰਤ ਤੌਰ ‘ਤੇ ਕਦੋਂ ਐਲਾਨ ਕੀਤਾ ਜਾਵੇਗਾ ਪਰ ਯੂਐਸ ਦੇ ਰਾਸ਼ਟਰਪਤੀ, ਜਿਨ੍ਹਾਂ ਨੇ ਇਸ ਕੋਸ਼ਿਸ਼ ਦੀ ਅਗਵਾਈ ਕੀਤੀ ਸੀ, ਵੀਰਵਾਰ ਨੂੰ ਬਾਅਦ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੇਨਸਕੀ ਨਾਲ ਮੁਲਾਕਾਤ ਕਰਨ ਵਾਲੇ ਹਨ। ਉਸ ਮੀਟਿੰਗ ਦੌਰਾਨ, ਬਿਡੇਨ ਤੋਂ ਯੂਕਰੇਨ ਦੇ ਨਾਲ ਇੱਕ ਨਵੇਂ ਸੁਰੱਖਿਆ ਸਮਝੌਤੇ ‘ਤੇ ਦਸਤਖਤ ਕੀਤੇ ਜਾਣ ਦੀ ਉਮੀਦ ਹੈ ਤਾਂ ਜੋ ਦੇਸ਼ ਨੂੰ ਅਮਰੀਕਾ ਦੇ ਲੰਬੇ ਸਮੇਂ ਦੀ ਸਹਾਇਤਾ ਦਾ ਵਾਅਦਾ ਕੀਤਾ ਜਾ ਸਕੇ। ਇਸ ਦੌਰਾਨ ਯੂਐਸ ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਜੋ ਬਿਡੇਨ ਨਾਲ ਏਅਰ ਫੋਰਸ ਵਨ ‘ਤੇ ਯਾਤਰਾ ਕਰ ਰਹੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ਇਸ ‘ਤੇ ਹਸਤਾਖਰ ਕਰਕੇ ਅਸੀਂ ਰੂਸ ਨੂੰ ਸਾਡੇ ਸੰਕਲਪ ਦਾ ਇੱਕ ਸਿਗਨਲ ਵੀ ਭੇਜਾਂਗੇ। ਜੇ ਵਲਾਡੀਮੀਰ ਪੁਟਿਨ ਸੋਚਦਾ ਹੈ ਕਿ ਉਹ ਯੂਕਰੇਨ ਦਾ ਸਮਰਥਨ ਕਰਨ ਵਾਲੇ ਗੱਠਜੋੜ ਨੂੰ ਖਤਮ ਕਰ ਸਕਦਾ ਹੈ, ਤਾਂ ਉਹ ਗਲਤ ਹੈ। ਦੱਸਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਵੀ ਵੀਰਵਾਰ ਨੂੰ ਜ਼ੇਲੇਨਸਕੀ ਨਾਲ ਨਿਜੀ ਮੁਲਾਕਾਤ ਹੋਣੀ ਹੈ।