ਸੰਯੁਕਤ ਰਾਸ਼ਟਰ ਦੀ ਇਕ ਏਜੰਸੀ ਨੇ ਮੰਗਲਵਾਰ ਨੂੰ ਕਿਹਾ ਕਿ ਯਮਨ ਦੇ ਤੱਟ ‘ਤੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਡੁੱਬ ਗਈ, ਜਿਸ ਨਾਲ ਘੱਟੋ-ਘੱਟ 49 ਲੋਕਾਂ ਦੀ ਮੌਤ ਹੋ ਗਈ ਅਤੇ 140 ਹੋਰ ਲਾਪਤਾ ਹੋ ਗਏ। ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ (ਆਈਓਐਮ) ਨੇ ਇੱਕ ਬਿਆਨ ਵਿੱਚ ਕਿਹਾ ਕਿ ਕਿਸ਼ਤੀ ਸੋਮਾਲੀਆ ਦੇ ਉੱਤਰੀ ਤੱਟ ਤੋਂ ਏਡਨ ਦੀ ਖਾੜੀ ਤੱਕ 320 ਕਿਲੋਮੀਟਰ ਦੀ ਯਾਤਰਾ ‘ਤੇ ਲਗਭਗ 260 ਸਮਾਲੀਸ ਅਤੇ ਇਥੀਓਪੀਅਨਸ ਲੋਕਾਂ ਨੂੰ ਲੈ ਕੇ ਜਾ ਰਹੀ ਸੀ ਜਦੋਂ ਇਹ ਯਮਨ ਦੇ ਦੱਖਣੀ ਤੱਟ ‘ਤੇ ਡੁੱਬ ਗਈ। ਸਮੂਹ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ 71 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਖੋਜ ਜਾਰੀ ਹੈ। ਮਰਨ ਵਾਲਿਆਂ ਵਿੱਚ 31 ਔਰਤਾਂ ਅਤੇ ਛੇ ਬੱਚੇ ਵੀ ਸ਼ਾਮਲ ਹਨ। ਪੂਰਬੀ ਅਫਰੀਕਾ ਅਤੇ ਹੌਰਨ ਆਫ ਅਫਰੀਕਾ ਤੋਂ ਕੰਮ ਲਈ ਖਾੜੀ ਦੇਸ਼ਾਂ ਤੱਕ ਪਹੁੰਚਣ ਵਾਲੇ ਪ੍ਰਵਾਸੀਆਂ ਲਈ ਯਮਨ ਇੱਕ ਪ੍ਰਮੁੱਖ ਆਵਾਜਾਈ ਮਾਰਗ ਹੈ। ਕਾਬਿਲੇਗੌਰ ਹੈ ਕਿ IOM ਨੇ ਪਿਛਲੇ ਮਹੀਨੇ ਕਿਹਾ ਸੀ ਕਿ ਯਮਨ ਦੇ ਲਗਭਗ ਦਹਾਕੇ ਲੰਬੇ ਘਰੇਲੂ ਯੁੱਧ ਦੇ ਬਾਵਜੂਦ, ਹਾਲ ਹੀ ਦੇ ਸਾਲਾਂ ਵਿੱਚ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਤਿੰਨ ਗੁਣਾ ਹੋ ਗਈ ਹੈ, ਜੋ ਕਿ 2021 ਵਿੱਚ ਲਗਭਗ 27,000 ਸੀ ਤੇ ਇਹ ਹੁਣ ਪਿਛਲੇ ਸਾਲ ਦੀ 90,000 ਦੀ ਗਿਣਤੀ ਤੋਂ ਵੱਧ ਹੈ। ਏਜੰਸੀ ਦੇ ਅਨੁਸਾਰ, ਲਗਭਗ 3 ਲੱਖ 80,000 ਪ੍ਰਵਾਸੀ ਇਸ ਸਮੇਂ ਯਮਨ ਵਿੱਚ ਹਨ।