ਆਰਸੀਐਮਪੀ ਦੇ ਅਧਿਕਾਰੀਆਂ ਨੇ ਦੱਖਣੀ ਸਸਕੈਚਵਾਨ ਦੇ ਇੱਕ ਪੇਂਡੂ ਘਰ ਵਿੱਚ ਚਾਰ ਲਾਸ਼ਾਂ ਬਰਾਮਦ ਕੀਤੀਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਚਾਰ ਲੋਕਾਂ ਦੀ ਮੌਤ ਦੇ ਕਾਰਨ ਦਾ ਪਤਾ ਲਗਾ ਰਹੇ ਹਨ। ਅਧਿਕਾਰੀ ਰੈਜੀਨਾ ਦੇ ਪੂਰਬ ਵਿੱਚ ਨਿਉਡੋਰਫ ਨੇੜੇ ਘਰ ਵਿੱਚ ਐਤਵਾਰ ਰਾਤ ਨੂੰ ਵੈਲਨੈਸ ਚੈੱਕ ਦੇ ਚਲਦੇ ਜਾਂਚ ਕਰਨ ਗਏ ਸੀ ਜਦੋਂ ਉਨ੍ਹਾਂ ਨੇ ਘਰ ਦੇ ਅੰਦਰ ਚਾਰ ਬਾਲਗਾਂ ਨੂੰ ਮ੍ਰਿਤਕ ਪਾਇਆ। ਪੁਲਿਸ ਦਾ ਕਹਿਣਾ ਹੈ ਕਿ ਮੌਤਾਂ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ, ਅਤੇ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹਨਾਂ ਮੌਤਾਂ ਨਾਲ ਜਨਤਕ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸੁਰੱਖਿਆ ਖਤਰੇ ਦੀ ਪਛਾਣ ਕੀਤੀ ਜਾਂਦੀ ਹੈ, ਤਾਂ ਜਨਤਾ ਨੂੰ ਤੁਰੰਤ ਸੂਚਿਤ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਮੁੱਖ ਅਪਰਾਧ ਅਧਿਕਾਰੀਆਂ ਨੇ ਸੂਬਾਈ ਕੋਰੋਨਰ ਦਫਤਰ ਦੀ ਮਦਦ ਨਾਲ ਜਾਂਚ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਹੈ।