ਫ੍ਰੈਂਚ ਭਾਸ਼ਾ ਮੰਤਰੀ ਜੌਨ-ਫ੍ਰੈਂਸਵਾ ਰੋਬਰਜ ਨੇ ਐਲਾਨ ਕੀਤਾ ਕਿ ਕਿਊਬੇਕ, ਫ੍ਰੈਂਚ ਦੀ ਗਿਰਾਵਟ ਦਾ ਮੁਕਾਬਲਾ ਕਰਨ ਲਈ ਪੰਜ ਸਾਲਾਂ ਦੀ ਮਿਆਦ ਵਿੱਚ 603 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗਾ। ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਫ੍ਰੈਂਚ ਭਾਸ਼ਾ ਦੀ ਰੱਖਿਆ ਕਰਨਾ ਉਨ੍ਹਾਂ ਦੀ ਯੋਜਨਾ ਦਾ ਹਿੱਸਾ ਹੈ। ਇਸ ਦੌਰਾਨ ਮੰਤਰੀ ਰੋਬਰਜ ਦੇ ਨਾਲ ਇਮੀਗ੍ਰੇਸ਼ਨ ਮੰਤਰੀ ਕ੍ਰਿਸਟੀਨ ਫਰੇਚੇਟ, ਸੱਭਿਆਚਾਰ ਮੰਤਰੀ ਮੈਟੀਯੂ ਲਕੋਂਬ, ਉੱਚ ਸਿੱਖਿਆ ਮੰਤਰੀ ਪਾਸਕੇਲ ਡੇਰੀ, ਸਿੱਖਿਆ ਮੰਤਰੀ ਬਰਨਾਰਡ ਡਰੇਨਵਿਲ ਅਤੇ ਅੰਤਰਰਾਸ਼ਟਰੀ ਸਬੰਧਾਂ ਦੇ ਮੰਤਰੀ ਮਾਰਟਿਨ ਬਾਏਰਨ ਵੀ ਮੌਜੂਦ ਰਹੇ, ਜੋ ਕਿ ਫ੍ਰੈਂਚ ਭਾਸ਼ਾ ਦੇ ਭਵਿੱਖ ਲਈ ਐਕਸ਼ਨ ਗਰੁੱਪ ਦਾ ਹਿੱਸਾ ਹਨ।
ਦੱਸਦਈਏ ਕਿ ਕਿਊਬੇਕ ਦੀ ਫ੍ਰੈਂਚ ਭਾਸ਼ਾ ਲਈ ਯੋਜਨਾ” ਵਿੱਚ ਨੌਂ ਤਰਜੀਹਾਂ ਸ਼ਾਮਲ ਕੀਤੀਆਂ ਗਈਆਂ ਹਨ, ਜਿਸ ਵਿੱਚ ਸੂਬੇ ਦੀ ਭਾਸ਼ਾਈ ਸਥਿਤੀ ਦੇ ਸੂਚਕਾਂ ਦੀ ਸਾਲਾਨਾ ਨਿਗਰਾਨੀ; ਆਰਥਿਕ ਪ੍ਰਵਾਸੀਆਂ ਦੀ ਪ੍ਰਤੀਸ਼ਤਤਾ ਵਿੱਚ ਵਾਧਾ ਜੋ ਫ੍ਰੈਂਚ ਜਾਣਦੇ ਹਨ; ਅਤੇ ਫ੍ਰੈਂਚ ਬੋਲਣ ਵਾਲੇ ਪ੍ਰੋਗਰਾਮਾਂ ਤੋਂ ਗ੍ਰੈਜੂਏਟ ਹੋਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਲਈ ਸਥਾਈ ਨਿਵਾਸ ਪ੍ਰਾਪਤ ਕਰਨ ਦੀ ਗਤੀ ਸ਼ਾਮਲ ਹੈ। ਸੂਬੇ ਦੇ ਫ੍ਰੈਂਚ ਭਾਸ਼ਾ ਮੰਤਰੀ ਰੋਬਰਜ ਨੇ ਪ੍ਰੈਸ ਰਿਲੀਜ਼ ਵਿੱਚ ਸੰਕੇਤ ਦਿੱਤਾ ਕਿ ਇਨ੍ਹਾਂ ਨੌਂ ਤਰਜੀਹਾਂ ਵਿੱਚੋਂ 21 ਉਪਾਅ ਪਹਿਲਾਂ ਹੀ ਲਾਗੂ ਕੀਤੇ ਗਏ ਹਨ ਜਿਨ੍ਹਾਂ ਨੂੰ ਆਉਣ ਵਾਲੇ ਮਹੀਨਿਆਂ ਵਿੱਚ ਫ੍ਰੈਂਚ ਭਾਸ਼ਾ ਦੇ ਭਵਿੱਖ ਨੂੰ ਯਕੀਨੀ ਬਣਾਉਣ ਲਈ ਇਮਪਲੀਮੇਂਟ ਕੀਤਾ ਜਾ ਸਕਦਾ ਹੈ।