ਔਟਵਾ ਫਾਇਰ ਸਰਵਿਸਿਜ਼ (OFS) ਨੇ ਬਾਇਵਾਰਡ ਮਾਰਕਿਟ ਵਿੱਚ ਲੱਗੀ ਅੱਗ ਨਾਲ ਨਜਿੱਠਣ ਲਈ ਸਵੇਰੇ ਕਈ ਘੰਟੇ ਬਿਤਾਏ। ਵੀਰਵਾਰ, 23 ਮਈ ਨੂੰ ਸਵੇਰੇ 3:30 ਵਜੇ ਤੋਂ ਥੋੜ੍ਹੀ ਦੇਰ ਬਾਅਦ, OFS ਡਿਸਪੈਚ ਨੂੰ ਡਲਹਾਉਜ਼ੀ ਅਤੇ ਕੰਬਰਲੈਂਡ ਸੜਕਾਂ ਦੇ ਵਿਚਕਾਰ, ਕਲੇਰੈਂਸ ਸਟਰੀਟ ‘ਤੇ ਛੇ-ਯੂਨਿਟ ਦੀ ਇਮਾਰਤ ਦੇ ਪਿਛਲੇ ਹਿੱਸੇ ਵਿੱਚ ਫੈਲੀ ਬਾਹਰੀ ਅੱਗ ਦੀ ਰਿਪੋਰਟ ਕਰਨ ਵਾਲੀਆਂ ਕਈ 9-1-1 ਕਾਲਾਂ ਪ੍ਰਾਪਤ ਹੋਈਆਂ। 9-1-1 ਕਾਲ ਕਰਨ ਵਾਲਿਆਂ ਨੇ ਦੱਸਿਆ ਕਿ ਇਮਾਰਤ ਵਿੱਚ ਰਹਿਣ ਵਾਲੇ ਲੋਕ ਬਾਹਰ ਨਿਕਲ ਰਹੇ ਹਨ ਅਤੇ ਅਲਾਰਮ ਵੱਜਦੇ ਸੁਣੇ ਜਾ ਸਕਦੇ ਹਨ। ਪੰਜ ਮਿੰਟਾਂ ਦੇ ਅੰਦਰ ਅੱਗ ਤੇ ਕਾਬੂ ਪਾਉਣ ਵਾਲਾ ਅਮਲਾ ਮੌਕੇ ‘ਤੇ ਪਹੁੰਚ ਗਿਆ ਅਤੇ ਲੋਕਾਂ ਨੂੰ ਦੂਰ ਰਹਿਣ ਦੀ ਅਨਾਉਸਮੈਂਟ ਕੀਤੀ ਗਈ ਕਿਉਂਕਿ ਇਮਾਰਤ ਦਾ ਪਿਛਲਾ ਹਿੱਸਾ ਪੂਰੀ ਤਰ੍ਹਾਂ ਨਾਲ ਅੱਗ ਦੀ ਲਪੇਟ ਵਿੱਚ ਆਇਆ ਹੋਇਆ ਸੀ। ਅੱਗ ਇਮਾਰਤ ਦੇ ਪਿਛਲੇ ਪਾਸੇ ਚੁਬਾਰੇ ਦੇ ਇੱਕ ਹਿੱਸੇ ਵਿੱਚ ਫੈਲ ਹੋਈ ਸੀ ਅਤੇ ਅੱਗ ਬੁਝਾਉਣ ਲਈ ਫਾਇਰਫਾਈਟਰਾਂ ਨੇ ਛੱਤ ਦੇ ਕੁਝ ਹਿੱਸਿਆਂ ਨੂੰ ਹੇਠਾਂ ਖਿੱਚ ਲਿਆ ਸੀ। ਸਵੇਰੇ 5 ਵਜੇ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ ਅਤੇ ਅੱਗ ਬੁਝਾਊ ਅਮਲੇ ਨੇ ਇਮਾਰਤ ਦੇ ਵਿਸਥਾਰ ਦੀ ਜਾਂਚ ਕਰਨ ਲਈ ਘਟਨਾ ਸਥਾਨ ‘ਤੇ ਰੁਕੇ ਹੋਏ ਸਨ। ਅੱਗ ਕਿਸ ਵਜ੍ਹਾ ਨਾਲ ਲੱਗੀ ਅਤੇ ਇੱਕਦਮ ਇਹਨੀਂ ਜ਼ਿਆਦਾ ਕਿਵੇਂ ਫੈਲ ਗਈ ਇਸ ਦਾ ਪਤਾ ਲਗਾਉਣ ਲਈ ਇੱਕ ਫਾਇਰ ਇਨਵੈਸਟੀਗੇਟਰ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਇਮਾਰਤ ਦੇ ਨਿਵਾਸੀਆਂ ਨੂੰ ਪਨਾਹ ਦੇਣ ਲਈ ਇੱਕ ਓਸੀ ਟਰਾਂਸਪੋ ਬੱਸ ਨੂੰ ਮੌਕੇ ‘ਤੇ ਬੁਲਾਇਆ ਗਿਆ ਸੀ। ਅੱਗ ਨਾਲ ਕੁੱਲ 11 ਲੋਕ ਬੇਘਰ ਹੋਏ ਹਨ ਅਤੇ ਹੁਣ ਕੈਨੇਡੀਅਨ ਰੈੱਡ ਕਰਾਸ ਅਤੇ ਸਾਲਵੇਸ਼ਨ ਆਰਮੀ ਪ੍ਰਭਾਵਿਤ ਲੋਕਾਂ ਦੀ ਮਦਦ ਕਰੇਗੀ। ਇਸ ਪੂਰੀ ਘਟਨਾ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ, ਕਿਸੇ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।