ਓਹੀਓ ਵਿੱਚ ਹੋਏ ਇੱਕ ਵੱਡੇ ਧਮਾਕੇ ਨੇ ਇੱਕ ਅਪਾਰਟਮੈਂਟ ਬਿਲਡਿੰਗ ਦੀ ਜ਼ਮੀਨੀ ਮੰਜ਼ਿਲ ਦਾ ਬਹੁਤ ਸਾਰਾ ਹਿੱਸਾ ਉਡਾ ਦਿੱਤਾ ਜਿਸ ਵਿੱਚ ਇੱਕ ਬੈਂਕ ਕਰਮਚਾਰੀ ਦੀ ਮੌਤ ਹੋ ਗਈ ਅਤੇ ਕਈ ਹੋਰ ਲੋਕ ਜ਼ਖਮੀ ਹੋ ਗਏ। ਪੁਲਿਸ ਅਤੇ ਐਮਰਜੈਂਸੀ ਅਧਿਕਾਰੀਆਂ ਨੇ ਸ਼ੁਰੂ ਵਿੱਚ ਕੁਦਰਤੀ ਗੈਸ ਨੂੰ ਇਸ ਧਮਾਕੇ ਲਈ ਜ਼ਿੰਮੇਵਾਰ ਠਹਿਰਾਇਆ, ਪਰ ਅੱਗ ਬੁਝਾਊ ਮੁਖੀ ਨੇ ਬਾਅਦ ਵਿੱਚ ਕਿਹਾ ਕਿ ਧਮਾਕੇ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਧਮਾਕਾ ਦੁਪਹਿਰ ਕਰੀਬ 2:45 ਵਜੇ ਹੋਇਆ। ਜਿਸ ਨਾਲ ਰੀਐਲਟੀ ਟਾਵਰ ਦੀ ਜ਼ਮੀਨੀ ਮੰਜ਼ਿਲ ਦੇ ਹਿੱਸਾ ਇਸ ਦੇ ਬੇਸਮੈਂਟ ਵਿੱਚ ਢਹਿ-ਢੇਰੀ ਹੋ ਗਿਆ ਅਤੇ ਇੱਕ ਗਲੀ ਦੇ ਪਾਰ ਦਾ ਅਗਲਾ ਹਿੱਸਾ, ਦੋਵੇਂ ਪਾਸੇ ਸੰਤਰੀ ਕੰਸਟਰਕਸ਼ਨ ਵਾੜ ਦੁਆਰਾ ਬਲੋਕ ਕਰ ਦਿੱਤਾ ਗਿਆ। ਰਿਪੋਰਟ ਮੁਤਾਬਕ ਜਿਸ ਬਿਲਡਿੰਗ ਵਿੱਚ ਧਮਾਕਾ ਹੋਇਆ ਉਹ 13-ਮੰਜ਼ਲਾ ਹੈ ਜਿਸ ਵਿੱਚ ਚੇਜ਼ ਬੈਂਕ ਦੀ ਸ਼ਾਖਾ ਹੈ ਅਤੇ ਉਪਰਲੀਆਂ ਮੰਜ਼ਿਲਾਂ ਵਿੱਚ ਅਪਾਰਟਮੈਂਟ ਹਨ। ਯੰਗਸਟਾਊਨ ਪੁਲਿਸ ਵਿਭਾਗ ਨੇ ਤੜਕੇ ਐਲਾਨ ਕੀਤਾ ਕਿ ਬੈਂਕ ਕਰਮਚਾਰੀ 27 ਸਾਲਾ ਨੌਜਵਾਨ ਸੀ ਜਿਸ ਨੂੰ ਧਮਾਕੇ ਤੋਂ ਠੀਕ ਪਹਿਲਾਂ ਇਮਾਰਤ ਦੇ ਅੰਦਰ ਦੇਖਿਆ ਗਿਆ ਸੀ। ਯੰਗਸਟਾਊਨ ਫਾਇਰ ਚੀਫ਼ ਬੈਰੀ ਫਿਨਲੇ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਦੱਸਿਆ ਕਿ ਫਾਇਰਫਾਈਟਰਾਂ ਨੇ ਕਈ ਲੋਕਾਂ ਨੂੰ ਬਚਾਇਆ ਅਤੇ ਇਮਾਰਤ ਦਾ ਮਲਬਾ ਹਟਾਇਆ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਹੋਰ ਨੂੰ ਸੱਟ ਨਹੀਂ ਲੱਗੀ। ਇਸ ਧਮਾਕੇ ਨੇ ਯੰਗਸਟਾਊਨ ਦੇ ਡਾਊਨਟਾਊਨ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜੋ ਕਿ ਲਗਭਗ 60,000 ਵਸਨੀਕਾਂ ਦਾ ਸ਼ਹਿਰ ਹੈ। ਸਾਹਮਣੇ ਆਈਆਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਟਾਂ, ਸ਼ੀਸ਼ੇ ਅਤੇ ਹੋਰ ਮਲਬਾ ਫੁੱਟਪਾਥ ‘ਤੇ ਪਿਆ ਸੀ। ਹਾਲਾਂਕਿ ਪੁਲਿਸ ਨੇ ਪਹਿਲਾਂ ਇਸ ਨੂੰ ਕੁਦਰਤੀ ਗੈਸ ਕਾਰਨ ਹੋਇਆ ਧਮਾਕਾ ਦੱਸਿਆ ਸੀ ਪਰ ਫਾਇਰਫਾਇਟਰਸ ਦਾ ਕਹਿਣਾ ਹੈ ਕਿ ਇਹ ਕਹਿਣਾ ਜਲਦੀ ਹੋਵੇਗਾ ਕਿ ਧਮਾਕਾ ਕਿਸ ਕਾਰਨ ਹੋਇਆ, ਜਿਸ ਕਰਕੇ ਇਸ ਮਾਮਲੇ ਚ ਜਾਂਚ ਅਜੇ ਵੀ ਜਾਰੀ ਹੈ।