6 ਮਾਰਚ 2024: NIA ਨੇ ਬੰਗਲੂਰੂ ਜੇਲ੍ਹ ਦੇ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਇੱਕ ਕੇਸ ਦੀ ਜਾਂਚ ਦਾ ਘੇਰਾ ਵਧਾਉਂਦਿਆਂ ਅੱਜ ਪੰਜਾਬ ਸਮੇਤ ਸੱਤ ਸੂਬਿਆਂ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇ ਮਾਰੇ ਹਨ। ਸੰਘੀ ਜਾਂਚ ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ, ਕਰਨਾਟਕ, ਤਾਮਿਲ ਨਾਡੂ, ਤੇਲੰਗਾਨਾ, ਗੁਜਰਾਤ ਅਤੇ ਪੱਛਮੀ ਬੰਗਾਲ ਦੀਆਂ ਵੱਖ-ਵੱਖ ਥਾਵਾਂ ’ਤੇ ਸ਼ੱਕੀਆਂ ਵਿਅਕਤੀਆਂ ਦੇ ਟਿਕਾਣਿਆਂ ’ਤੇ ਮਾਰੇ ਛਾਪੇ ਦੌਰਾਨ ਨਕਦੀ ਦੇ ਨਾਲ-ਨਾਲ ਕਈ ਡਿਜੀਟਲ ਉਪਕਰਨ ਅਤੇ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। NIA ਨੇ ਜਨਵਰੀ ਮਹੀਨੇ ਇਸ ਕੇਸ ਵਿੱਚ ਅੱਠ ਵਿਅਕਤੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਸ ਚਾਰਜਸ਼ੀਟ ਵਿੱਚ ਨਾਮਜ਼ਦ ਕੇਰਲਾ ਦੇ ਕੰਨੂਰ ਦਾ ਟੀ. ਨਸੀਰ ਬੰਗਲੂਰੂ ਦੀ ਕੇਂਦਰੀ ਜੇਲ੍ਹ ਵਿੱਚ 2013 ਤੋਂ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ| ਜਦੋਂਕਿ ਜੁਨੈਦ ਅਹਿਮਦ ਉਰਫ਼ ‘ਜੇਡੀ’ ਅਤੇ ਸਲਮਾਨ ਖਾਨ ਦੇ ਵਿਦੇਸ਼ ਭੱਜ ਜਾਣ ਦਾ ਸ਼ੱਕ ਹੈ। ਬੰਗਲੂਰ ਸਿਟੀ ਪੁਲਿਸ ਨੇ 7 ਮੁਲਜ਼ਮਾਂ ਕੋਲੋਂ 7 ਪਿਸਤੌਲ, 4ਗ੍ਰਨੇਡ, 1ਮੈਗਜ਼ੀਨ, 45 ਕਾਰਤੂਸ ਅਤੇ ਚਾਰ ਵਾਕੀ-ਟਾਕੀ ਸਮੇਤ ਹੋਰ ਗੋਲੀ-ਸਿੱਕਾ ਮਿਲਣ ਮਗਰੋਂ ਪਿਛਲੇ ਸਾਲ 18 ਜੁਲਾਈ ਨੂੰ ਕੇਸ ਦਰਜ ਕੀਤਾ ਸੀ। NIA ਦੇ ਬੁਲਾਰੇ ਨੇ ਕਿਹਾ ਹੈ ਕਿ ਅੱਜ ਸਵੇਰੇ 7 ਸੂਬਿਆਂ ਵਿੱਚ ਮਾਰੇ ਛਾਪੇ ਦੌਰਾਨ 25 ਮੋਬਾਈਲ ਫੋਨ, 6 ਲੈਪਟਾਪ, 4 ਸਟੋਰੇਜ ਉਪਕਰਨ, ਇਤਰਾਜ਼ਯੋਗ ਸਮੱਗਰੀ, ਨਕਦੀ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਨਵਜੋਤ ਸਿੰਘ, ਕਰਨਾਟਕ ਵਿੱਚ ਨਵੀਦ, ਸਈਦ ਖੇਲ ਤੇ ਬੀਜੂ, ਗੁਜਰਾਤ ਵਿੱਚ ਹਾਰਦਿਕ ਕੁਮਾਰ ਤੇ ਕਰਨ ਕੁਮਾਰ, ਕੇਰਲਾ ਵਿੱਚ ਜੌਹਨਸਨ ਅਤੇ ਤਾਮਿਲ ਨਾਡੂ ਵਿੱਚ ਮੁਸਤਾਕ ਅਹਿਮਦ ਸਤੀਕਲੀ, ਮੁਬਿਤ ਤੇ ਹਸਨ ਅਲ ਬਸਮ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਹਨ |