ਮਾਐਮੀ ਦੀ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਭਿਆਨਕ ਅੱਗ ਲੱਗ ਗਈ ਜਿਥੇ ਫਾਇਰਫਾਇਟਰਸ ਨੇ ਕਈ ਲੋਕਾਂ ਨੂੰ ਰੈਸਕਿਊ ਕੀਤਾ ਅਤੇ ਇਸ ਦੌਰਾਨ ਇਹ ਵੀ ਪਤਾ ਲੱਗਿਆ ਕਿ ਇੱਕ ਕਰਮਚਾਰੀ ਨੂੰ ਗੋਲੀ ਮਾਰ ਦਿੱਤੀ ਗਈ ਸੀ। ਮਾਐਮੀ ਫਾਇਰ ਰੈਸਕਿਊ ਦੇ ਅਨੁਸਾਰ, ਦੱਖਣੀ ਫਲੋਰੀਡਾ ਸ਼ਹਿਰ ਦੇ ਟਾਊਨ ਸੈਂਟਰ ਦੇ ਬਿਲਕੁਲ ਬਾਹਰ ਸਥਿਤ ਟੈਂਪਲ ਕੋਰਟ ਅਪਾਰਟਮੈਂਟਸ ਵਿੱਚ ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 8:15 ਵਜੇ ਅੱਗ ਲੱਗ ਗਈ। ਫਾਇਰਫਾਇਟਰਸ ਨੇ ਅੱਗੇ ਦੱਸਿਆ ਕਿ ਜਦੋਂ ਅਮਲੇ ਪਹੁੰਚੇ ਤਾਂ ਅੱਗ ਦੀਆਂ ਲਪਟਾਂ ਤੀਜੀ ਮੰਜ਼ਿਲ ਦੀ ਖਿੜਕੀ ਵਿੱਚੋਂ ਦਿਖਾਈ ਦੇ ਰਹੀਆਂ ਸਨ ਅਤੇ ਅੱਗ ਤੇਜ਼ੀ ਨਾਲ 40-ਯੂਨਿਟ ਦੀ ਇਮਾਰਤ ਤੱਕ ਫੈਲ ਗਈ। ਘਟਨਾ ਸਥਾਨ ਤੋਂ ਜੋ ਫੋਟੋਆਂ ਅਤੇ ਵੀਡਿਓ ਸਾਹਮਣੇ ਆਈਆਂ ਹਨ ਉਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੇਜ ਬਿਲਡਿੰਗ ਤੋਂ ਕਾਲਾ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ ਜਦੋਂ ਅਮਲੇ ਨੇ ਇਸ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਰਿਪੋਰਟ ਮੁਤਾਬਕ ਫਾਇਰ ਕਰਮੀਆਂ ਨੇ ਘੱਟੋ-ਘੱਟ 30 ਲੋਕਾਂ ਨੂੰ ਬਚਾਇਆ, ਜਿਨ੍ਹਾਂ ਵਿੱਚ ਬਜ਼ੁਰਗ ਨਿਵਾਸੀ ਵੀ ਸ਼ਾਮਲ ਹਨ ਜੋ ਵ੍ਹੀਲਚੇਅਰ ਵਿੱਚ ਸਨ। ਅਤੇ ਇੱਕ ਵਿਅਕਤੀ ਨੂੰ ਹਸਪਤਾਲ ਵੀ ਲਿਜਾਇਆ ਗਿਆ। ਅੱਗ ਤੇ ਕਾਬੂ ਪਾਉਣ ਤੋਂ ਬਾਅਦ ਤਿੰਨ ਫਾਇਰਫਾਈਟਰਾਂ ਨੂੰ ਵੀ ਗਰਮੀ ਦੀ ਥਕਾਵਟ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਮਾਐਮੀ ਦੇ ਮੇਅਰ ਫ੍ਰਾਂਸਿਸ ਸੁਆਰੇਜ਼ ਨੇ ਕਿਹਾ ਕਿ ਜਵਾਬੀ ਅਮਲੇ ਨੇ ਇੱਕ ਵਿਅਕਤੀ ਨੂੰ ਵੀ ਲੱਭਿਆ ਜਿਸ ਨੂੰ ਗੋਲੀ ਮਾਰੀ ਗਈ ਸੀ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਗੋਲੀਬਾਰੀ ਦਾ ਅੱਗ ਨਾਲ ਕੋਈ ਸਬੰਧ ਹੈ ਜਾਂ ਨਹੀਂ। ਮਾਐਮੀ ਪੁਲਿਸ ਨੇ ਦੱਸਿਆ ਕਿ ਵਿਅਕਤੀ ਤੀਜੀ ਮੰਜ਼ਿਲ ‘ਤੇ ਪਾਇਆ ਗਿਆ ਸੀ ਅਤੇ ਇੱਕ ਸਥਾਨਕ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਹੈ। ਟੈਂਪਲ ਕੋਰਟ ਦੇ ਪ੍ਰਬੰਧਨ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਵਿਅਕਤੀ ਕੰਪਲੈਕਸ ਦਾ ਕਰਮਚਾਰੀ ਹੈ। ਅਜੇ ਤੱਕ ਗੋਲੀਬਾਰੀ ਅਤੇ ਅੱਗ ਦੋਵਾਂ ਦੇ ਕਾਰਨ ਅਸਪਸ਼ਟ ਹਨ।