ਦੱਖਣੀ ਮੈਕਸੀਕੋ ਰਾਜ ਵਹਾਕਾ ਵਿੱਚ ਇੱਕ ਹਾਈਵੇਅ ਹਾਦਸੇ ਵਿੱਚ ਤਿੰਨ ਪ੍ਰਵਾਸੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਰਨ ਵਾਲਿਆਂ ਵਿੱਚੋਂ ਘੱਟੋ-ਘੱਟ ਦੋ – ਇੱਕ ਆਦਮੀ ਅਤੇ ਇੱਕ ਔਰਤ – ਅਫਰੀਕੀ ਦੇਸ਼ ਕੈਮਰੂਨ ਤੋਂ ਹਨ, ਅਤੇ ਤੀਜੇ ਦੀ ਪਛਾਣ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਇਸ ਹਾਦਸੇ ਵਿੱਚ ਪੰਜ ਹੋਰ ਪ੍ਰਵਾਸੀ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਦਾ ਸਥਾਨਕ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਦੇਸ਼ ਦੇ ਨੈਸ਼ਨਲ ਇਮੀਗ੍ਰੇਸ਼ਨ ਇੰਸਟੀਚਿਊਟ ਨੇ ਤੁਰੰਤ ਹਾਦਸੇ ਦੇ ਕਾਰਨਾਂ ਦੀ ਪਛਾਣ ਨਹੀਂ ਕੀਤੀ, ਜਾਂ ਜ਼ਖਮੀਆਂ ਦੀ ਸਥਿਤੀ ਬਾਰੇ ਜਾਣਕਾਰੀ ਨਹੀਂ ਦਿੱਤੀ। ਰਿਪੋਰਟ ਮੁਤਾਬਕ ਮੈਕਸੀਕੋ ਨੂੰ ਪਾਰ ਕਰਕੇ ਅਮਰੀਕਾ ਦੀ ਸਰਹੱਦ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨ ਵਾਲੇ ਪ੍ਰਵਾਸੀਆਂ ਲਈ ਵਹਾਕਾ ਇੱਕ ਮੁੱਖ ਰਸਤਾ ਹੈ, ਅਤੇ ਉੱਥੇ ਪ੍ਰਵਾਸੀਆਂ ਨਾਲ ਹੋਣ ਵਾਲੇ ਹਾਦਸੇ ਆਮ ਹਨ। ਜ਼ਿਕਰਯੋਗ ਹੈ ਕਿ ਮਾਰਚ ਵਿੱਚ, ਵਹਾਕਾ ਦੇ ਪ੍ਰਸ਼ਾਂਤ ਤੱਟ ਦੇ ਨਾਲ ਇੱਕ ਕਿਸ਼ਤੀ ਹਾਦਸੇ ਤੋਂ ਬਾਅਦ ਅੱਠ ਏਸ਼ੀਆਈ ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ ਸਨ। ਇਸ ਤੋਂ ਪਹਿਲਾਂ ਸਾਲ 2023 ਵਿੱਚ, ਵੈਨੇਜ਼ੁਏਲਾ ਅਤੇ ਹੈਟੀ ਦੇ ਘੱਟੋ ਘੱਟ 16 ਪ੍ਰਵਾਸੀਆਂ ਦੀ ਵਹਾਕਾ ਵਿੱਚ ਇੱਕ ਬੱਸ ਹਾਦਸੇ ਵਿੱਚ ਮੌਤ ਹੋ ਗਈ ਸੀ।
Mexico ‘ਚ ਟਰੱਕ ਹਾਦਸਾ, 3 ਪ੍ਰਵਾਸੀਆਂ ਦੀ ਮੌਤ
- April 4, 2024