ਕੈਲਗਰੀ ਲਿਬਰਲ ਐਮਪੀ ਜਾਰਜ ਚਾਹਲ ਹਮਬੋਲਟ ਬ੍ਰੋਂਕੋਸ ਬੱਸ ਹਾਦਸੇ ਦੇ ਪਿੱਛੇ ਡਰਾਈਵਰ ਦੇ ਦੇਸ਼ ਨਿਕਾਲੇ ਨੂੰ ਰੋਕਣ ਦੀ ਕੋਸ਼ਿਸ਼ ਵਿੱਚ, ਆਪਣੇ ਸਾਥੀਆਂ ਤੋਂ ਸਮਰਥਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਚਾਹਲ ਨੇ ਇੱਕ ਗੱਲਬਾਤ ਵਿੱਚ ਦੱਸਿਆ ਕਿ ਉਸ ਡ੍ਰਾਈਵਰ ਨੂੰ ਪਛਤਾਵਾ ਹੈ ਅਤੇ ਉਸ ਨੇ ਇਸ ਲਈ ਮਾਫੀ ਵੀ ਮੰਗੀ ਹੈ ਅਤੇ ਉਸ ਨੇ ਆਪਣਾ ਸਮਾਂ ਵੀ ਪੂਰਾ ਕੀਤਾ ਹੈ। ਮੈਨੂੰ ਉਮੀਦ ਹੈ ਕਿ ਸਾਰੇ ਕਨੇਡੀਅਨ ਅਤੇ ਸਾਰੇ ਪਰਿਵਾਰ ਉਸ ਨੂੰ ਮਾਫ ਕਰ ਸਕਦੇ ਹਨ। ਰਿਪੋਰਟ ਮੁਤਾਬਕ ਕੈਲਗਰੀ ਐਮਪੀ ਜਾਰਜ ਚਾਹਲ ਨੂੰ ਜਸਕੀਰਤ ਸਿੰਘ ਸਿੱਧੂ, ਉਸ ਦੀ ਪਤਨੀ ਅਤੇ ਉਨ੍ਹਾਂ ਦੇ ਬੱਚੇ ਨਾਲ ਮਿਲਣ ਦਾ ਮੌਕਾ ਮਿਲਿਆ। ਅਤੇ ਕਿਹਾ ਕਿ ਜੇਕਰ ਸਿੱਧੂ ਨੂੰ ਡਿਪੋਰਟ ਕੀਤਾ ਜਾਂਦਾ ਹੈ ਤਾਂ ਇਸ ਦਾ ਉਸ ਦੇ ਪਰਿਵਾਰ ਤੇ ਗੰਭੀਰ ਅਸਰ ਪਵੇਗਾ। ਐਮਪੀ ਨੇ ਕਿਹਾ, “ਉਸਦੀ ਪਤਨੀ ਇੱਕ ਕੈਨੇਡੀਅਨ ਨਾਗਰਿਕ ਹੈ, ਇੱਕ ਰਜਿਸਟਰਡ ਨਰਸ ਹੈ, ਅਤੇ ਉਨ੍ਹਾਂ ਦੇ ਛੋਟੇ ਬੱਚੇ ਨੂੰ ਸਿਹਤ ਸੰਭਾਲ ਸੰਬੰਧੀ ਗੰਭੀਰ ਸਮੱਸਿਆਵਾਂ ਹਨ – ਦਿਲ ਅਤੇ ਫੇਫੜੇ ਜਿਸ ਲਈ ਨਵਜੰਮੇ ਬੱਚਿਆਂ ਦੀ ਦੇਖਭਾਲ ਦੀ ਲੋੜ ਹੁੰਦੀ ਹੈ। ਜ਼ਿਕਰਯੋਗ ਹੈ ਕਿ ਡ੍ਰਾਈਵਰ ਸਿੱਧੂ ਨੇ ਇਸ ਹਾਦਸੇ ਦੀ ਪੂਰੀ ਜ਼ਿੰਮੇਵਾਰੀ ਲਈ ਹੈ ਜਿਸ ਵਿੱਚ 16 ਲੋਕਾਂ ਦੀ ਜਾਨ ਚੱਲੀ ਗਈ ਸੀ ਅਤੇ 13 ਹੋਰ ਜ਼ਖਮੀ ਹੋਏ ਸਨ। ਹਾਲਾਂਕਿ ਉਸ ਨੇ ਇੱਕ ਗੰਭੀਰ ਅਪਰਾਧ ਕੀਤਾ ਹੈ ਅਤੇ ਉਹ ਇੱਕ ਕਨੇਡੀਅਨ ਨਾਗਰਿਕ ਵੀ ਨਹੀਂ ਹੈ, ਜਿਸ ਤੇ ਕਾਰਵਾਈ ਕਰਦੇ ਹੋਏ ਅਦਾਲਤ ਨੇ ਕੁਝ ਸਮਾਂ ਪਹਿਲਾ ਸਿੱਧੂ ਨੂੰ ਦੇਸ਼ ਨਿਕਾਲਾ ਦਾ ਹੁਕਮ ਦਿੱਤਾ ਸੀ। ਲਿਬਰਲ ਐਮਪੀ ਦਾ ਕਹਿਣਾ ਹੈ ਕਿ ਉਹ ਸਿੱਧੂ ਲਈ ਸਮਰਥਨ ਪੈਦਾ ਕਰਨ ਦੀ ਕੋਸ਼ਿਸ਼ ਵਿੱਚ ਕੈਨੇਡਾ ਭਰ ਵਿੱਚ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹਨ। ਪਰ ਨਾਲ ਹੀ ਉਨ੍ਹਾਂ ਨੇ ਇਹ ਵੀ ਮੰਨਿਆ ਹੈ ਕਿ ਉਨ੍ਹਾਂ ਨੂੰ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ ਹੈ। ਦੱਸਦਈਏ ਕਿ ਜਸਕੀਰਤ ਸਿੰਘ ਸਿੱਧੂ 2014 ਚ ਕੈਨੇਡਾ ਆਇਆ ਸੀ। ਅਤੇ 2019 ਵਿੱਚ ਉਸ ਨੂੰ ਖਤਰਨਾਕ ਡ੍ਰਾਈਵਿੰਗ ਅਪਰਾਧਾਂ ਦਾ ਦੋਸ਼ੀ ਮੰਨਿਆ ਗਿਆ ਅਤੇ 8 ਸਾਲ ਦੀ ਸਜ਼ਾ ਸੁਣਾਈ ਗਈ। ਅਤੇ ਹਾਲ ਹੀ ਚ ਅਦਾਲਤ ਦੇ ਇੱਕ ਫੈਸਲੇ ਵਿੱਚ ਉਸ ਨੂੰ ਦੇਸ਼ ਨਿਕਾਲਾ ਦਾ ਹੁਕਮ ਦਿੱਤਾ ਗਿਆ ਹੈ।