ਬੀ ਸੀ ਦੇ ਕੇਂਦਰੀ ਅੰਦਰੂਨੀ ਹਿੱਸੇ ਵਿੱਚ ਚਿਲਕੋਟਿਨ ਨਦੀ ਦੇ ਲੈਂਡਸਲਾਈਡ ਤੋਂ ਛੱਡਿਆ ਗਿਆ ਪਾਣੀ ਹੁਣ ਫਰੇਜ਼ਰ ਨਦੀ ਵਿੱਚ ਪਹੁੰਚ ਰਿਹਾ ਹੈ। ਇੱਕ ਕਨੇਡੀਅਨ ਮੀਡਿਆ ਪਲੈਟਫੋਰਮ ਨਾਲ ਸਾਂਝੀ ਕੀਤੀ ਗਈ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਚਿਲਕੋਟਿਨ ਦੇ ਕਿਨਾਰੇ ਇੱਕ ਢਾਂਚਾ ਵਗਦੇ ਪਾਣੀ ਵਿੱਚ ਧੋਤਾ ਗਿਆ। ਇਸ ਦੌਰਾਨ ਇਸ ਗੱਲ ਦਾ ਬਚਾਅ ਰਿਹਾ ਕਿ ਉਹ ਢਾਂਚਾ ਖਾਲੀ ਸੀ ਅਤੇ ਵਰਤੋਂ ਵਿੱਚ ਨਹੀਂ ਸੀ। ਰਿਪੋਰਟ ਮੁਤਾਬਕ ਬੀਤੇ ਸੋਮਵਾਰ ਸਵੇਰੇ 9 ਵਜੇ ਦੇ ਕਰੀਬ, ਪਾਣੀ ਨੇ ਕੁਦਰਤੀ ਡੈਮ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਜੋ ਪਿਛਲੇ ਹਫਤੇ ਦੇ ਢਿੱਗਾਂ ਡਿੱਗਣ ਨਾਲ ਬਣਿਆ ਸੀ, ਅਤੇ ਦੁਪਹਿਰ ਤੱਕ, ਪਾਣੀ ਅਤੇ ਮਲਬਾ ਫਰੇਜ਼ਰ ਨਦੀ ਤੱਕ ਪਹੁੰਚ ਗਿਆ ਸੀ। ਚਿਲਕੋਟਿਨ ਅਤੇ ਫਰੇਜ਼ਰ ਨਦੀਆਂ ਦੇ ਨਾਲ-ਨਾਲ ਕੁਝ ਜਾਇਦਾਦਾਂ, ਥਾਂ ਖਾਲੀ ਕਰਨ ਦੇ ਆਦੇਸ਼ ਅਧੀਨ ਹਨ, ਅਤੇ ਪ੍ਰੋਵਿੰਸ ਲੋਕਾਂ ਨੂੰ ਦੂਰ ਰਹਿਣ ਦੀ ਚੇਤਾਵਨੀ ਦੇ ਰਿਹਾ ਹੈ। ਜਿਵੇਂ- ਜਿਵੇਂ ਪਾਣੀ ਹੇਠਾਂ ਵੱਲ ਵਧ ਰਿਹਾ ਹੈ, ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਦਾ ਪੱਧਰ, ਬਸੰਤ ਹੜ੍ਹਾਂ ਦੇ ਬਰਾਬਰ ਹੀ ਹੋਵੇਗਾ। ਪਰ ਜਿਸ ਰਫ਼ਤਾਰ ਨਾਲ ਇਹ ਅੱਗੇ ਵਧ ਰਿਹਾ ਹੈ ਅਤੇ ਜਿਸ ਤਰ੍ਹਾਂ ਇਹ ਆਪਣੇ ਨਾਲ ਮਲਬਾ ਚੁੱਕ ਰਿਹਾ ਹੈ, ਉਹ ਅਸਲ ਚਿੰਤਾਵਾਂ ਹਨ।