ਦੁਵੱਲੇ ਸਬੰਧਾਂ ‘ਚ ਆਈ ਖਟਾਸ ਤੋਂ ਬਾਅਦ ਇਟਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪਹਿਲੀ ਮੁਲਾਕਾਤ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸੁਰ ਬਦਲ ਗਏ ਹਨ। ਮੋਦੀ ਨਾਲ ਮੁਲਾਕਾਤ ਤੋਂ ਬਾਅਦ ਟਰੂਡੋ ਨੇ ਕਿਹਾ, ਅਸੀਂ ਭਾਰਤ ਨਾਲ ਕਈ ਵੱਡੇ ਮੁੱਦਿਆਂ ‘ਤੇ ਇਕੱਠੇ ਹਾਂ। ਇਹ ਭਾਰਤ ਦੀ ਨਵੀਂ ਸਰਕਾਰ ਨਾਲ ਆਰਥਿਕ-ਰਾਸ਼ਟਰੀ ਸੁਰੱਖਿਆ ‘ਤੇ ਚਰਚਾ ਕਰਨ ਦਾ ਮੌਕਾ ਹੈ।
ਪਿਛਲੇ ਸਾਲ ਸਤੰਬਰ ਤੋਂ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਮਤਭੇਦ ਦਰਮਿਆਨ ਦੋਵਾਂ ਪ੍ਰਧਾਨ ਮੰਤਰੀਆਂ ਦੀ ਇਹ ਪਹਿਲੀ ਮੁਲਾਕਾਤ ਸੀ। ਜੀ-7 ਤੋਂ ਪਰਤਦਿਆਂ ਟਰੂਡੋ ਨੇ ਕਿਹਾ, ਸੰਮੇਲਨ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਤੁਹਾਨੂੰ ਵੱਖ-ਵੱਖ ਨੇਤਾਵਾਂ ਨਾਲ ਸਿੱਧੀ ਗੱਲ ਕਰਨ ਦਾ ਮੌਕਾ ਮਿਲਦਾ ਹੈ। ਭਾਰਤ ਦੇ ਨਾਲ, ਸਾਡੇ ਲੋਕਾਂ ਤੋਂ ਲੋਕਾਂ ਦੇ ਡੂੰਘੇ ਸਬੰਧ ਹਨ। ਕਈ ਵੱਡੇ ਮੁੱਦਿਆਂ ‘ਤੇ ਸਹਿਮਤੀ ਬਣੀ ਹੋਈ ਹੈ, ਜਿਸ ‘ਤੇ ਸਾਨੂੰ ਇੱਕ ਗਲੋਬਲ ਭਾਈਚਾਰੇ ਦੇ ਤੌਰ ‘ਤੇ ਲੋਕਤੰਤਰ ਵਜੋਂ ਕੰਮ ਕਰਨ ਦੀ ਲੋੜ ਹੈ। ਪਰ ਹੁਣ ਜਦੋਂ ਮੋਦੀ ਨੇ ਚੋਣਾਂ ਜਿੱਤ ਲਈਆਂ ਹਨ, ਮੈਨੂੰ ਲੱਗਦਾ ਹੈ ਕਿ ਸਾਡੇ ਲਈ ਗੱਲ ਕਰਨ ਦਾ ਮੌਕਾ ਹੈ। ਇਸ ਵਿੱਚ ਰਾਸ਼ਟਰੀ ਸੁਰੱਖਿਆ, ਕੈਨੇਡੀਅਨਾਂ ਦੀ ਸੁਰੱਖਿਆ ਅਤੇ ਕਾਨੂੰਨ ਦੇ ਰਾਜ ਨਾਲ ਸਬੰਧਤ ਕੁਝ ਬਹੁਤ ਗੰਭੀਰ ਮੁੱਦੇ ਸ਼ਾਮਲ ਹਨ। ਅਸੀਂ ਇਨ੍ਹਾਂ ਮੁੱਦਿਆਂ ‘ਤੇ ਚਰਚਾ ਕਰਾਂਗੇ।